
ਭਾਜਪਾ ਆਗੂਆਂ ਦਾ ਚੰਡੀਗੜ੍ਹ ’ਚ ਘਿਰਾਉ ਕਰ ਰਹੇ ਕਿਸਾਨਾਂ ’ਤੇ ਕੀਤਾ ਲਾਠੀਚਾਰਜ
ਚੰਡੀਗੜ੍ਹ, 17 ਜੁਲਾਈ (ਭੁੱਲਰ) : ਅੱਜ ਅੰਦੋਲਨਕਾਰੀ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਚੰਡੀਗੜ੍ਹ ’ਚ ਵੀ ਭਾਜਪਾ ਨੇਤਾਵਾਂ ਦਾ ਘਿਰਾਉ ਕੀਤਾ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਉਪਰ ਲਾਠੀਚਾਰਜ ਕੀਤਾ। ਇਸ ’ਚ ਕੁੱਝ ਲੜਕੀਆਂ ਸਮੇਤ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਪੁਲਿਸ ਨੇ 18 ਕਿਸਾਨਾਂ ਵਿਰੁਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 250 ਦੇ ਕਰੀਬ ਅਣਪਛਾਤੇ ਪ੍ਰਦਰਸ਼ਨਕਾਰੀਆਂ ’ਤੇ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ।
ਅੱਜ ਜਦੋਂ ਭਾਜਪਾ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ ਅਤੇ ਸ਼ਹਿਰ ਦੇ ਮੇਅਰ ਰਵੀਕਾਂਤ ਸੈਕਟਰ 48 ’ਚ ਮੋਟਰ ਮਾਰਕੀਟ ਨੇੜੇ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਆਏ ਸਨ ਤਾਂ ਕਿਸਾਨ ਅੰਦੋਲਨਕਾਰੀਆਂ ਨੇ ਉਨ੍ਹਾਂ ਨੂੰ ਘੇਰ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਇਸ ਦੌਰਾਨ ਕੁੱਝ ਪੱਥਰ ਚੱਲਣ ਨਾਲ ਭਾਜਪਾ ਆਗੂਆਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਇਸ ਸਮੇਂ ਹੀ ਭਾਰੀ ਪੁਲਿਸ ਫ਼ੋਰਸ ਨੇ ਭਾਜਪਾ ਨੇਤਾਵਾਂ ਨੂੰ ਭੀੜ ’ਚੋਂ ਕੱਢਣ ਲਈ ਤਾਕਤ ਦੀ ਵਰਤੋਂ ਕੀਤੀ। ਇਸ ਦੌਰਾਨ ਔਰਤਾਂ ਦੇ ਬੱਚਿਆਂ ਦੀ ਲਿਹਾਜ਼ ਵੀ ਨਹੀਂ ਕੀਤੀ ਗਈ। ਇਕ ਨਾਬਾਲਗ਼ ਬੱਚੇ ਨੂੰ ਵੀ ਹਿਰਾਸਤ ’ਚ ਲੈਣ ਦੇ ਦੋਸ਼ ਲੱਗੇ ਹਨ। ਇਸ ਤੋਂ ਬਾਅਦ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਸੈਕਟਰ 31 ਥਾਣੇ ਅੱਗੇ ਵੀ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ। ਕਈਆਂ ਦੀਆਂ ਕੁੱਟਮਾਰ ਦੌਰਾਨ ਪੱਗਾਂ ਤਕ ਉਤਾਰੀਆਂ ਗਈਆਂ।
ਪੁਲਿਸ ਐਕਸ਼ਨ ਦੀ ਅਗਵਾਈ ਖ਼ੁਦ ਐਸ.ਐਸ.ਪੀ. ਕੁਲਦੀਪ ਚਹਿਲ ਕਰ ਰਹੇ ਸਨ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਡਾ. ਦਰਸ਼ਨ ਪਾਲ, ਬਲਵੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਚੜੂਨੀ ਨੇ ਚੰਡੀਗੜ੍ਹ ਦੇ ਆਸ-ਪਾਸ ਦੇ ਕਿਸਾਨਾਂ ਨੂੰ ਚੰਡੀਗੜ੍ਹ ਪਹੁੰਚ ਕੇ ਗ੍ਰਿਫ਼ਤਾਰ ਲੋਕਾਂ ਦੀ ਰਿਹਾਈ ਲਈ ਪ੍ਰਦਰਸ਼ਨ ਦਾ ਸੱਦਾ ਦਿਤਾ।