
ਚੌਂਦਾ ਵਾਸੀਆਂ ਨੇ ਸਿਆਸੀ ਪਾਰਟੀਆਂ ਦੇ ਪਿੰਡ ਵਿਚ ਆਉਣ ’ਤੇ ਲਗਾਈ ਰੋਕ
ਅਮਰਗੜ੍ਹ, 17 ਜੁਲਾਈ (ਮਨਜੀਤ ਸਿੰਘ ਸੋਹੀ) : ਅੱਜ ਪਿੰਡ ਚੌਂਦਾ ਵਿਖੇ ਕਿਸਾਨ ਯੂਨੀਅਨ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਇਕੱਠੇ ਹੋਕੇ ਮਤਾ ਪਾਸ ਕੀਤਾ ਗਿਆ ਕੀ ਜਿਨ੍ਹਾਂ ਸਮਾਂ ਦਿੱਲੀ ਵਿਖੇ ਤਿੰਨ ਕਿਸਾਨ ਵਿਰੋਧੀ ਕਾਲੇ ਬਿੱਲਾ ਨੂੰ ਰੱਦ ਕਰਵਾਉਣ ਲਈ ਕਿਸਾਨ ਮੋਰਚਾ ਲੱਗਿਆ ਹੋਇਆ ਹੈ ਉਨ੍ਹਾਂ ਸਮਾਂ ਕਿਸੇ ਸਿਆਸੀ ਪਾਰਟੀ ਨੇ ਪਿੰਡ ਵਿੱਚ ਕੋਈ ਵੀ ਪ੍ਰੋਗਰਾਮ, ਮੀਟਿੰਗ ਜਾਂ ਰੈਲੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਨਾ ਹੀ ਚੋਣ ਪ੍ਰਚਾਰ ਕਰਨ ਦਿਤਾ ਜਾਵੇਗਾ।
ਗੁਰਦਵਾਰਾ ਸਾਹਿਬ ਵਿਚ ਹੋਏ ਵਿਸ਼ਾਲ ਇਕੱਠ ਦੌਰਾਨ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਰੁਪਿੰਦਰ ਸਿੰਘ ਚੌਂਦਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਕਾਲਾ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਇਕਾਈ ਪ੍ਰਧਾਨ ਹਰਿੰਦਰ ਸਿੰਘ ਨੇ ਦਸਿਆ ਕੀ ਪਿਛਲੇ ਲਗਭਗ 8 ਮਹੀਨਿਆਂ ਤੋਂ ਕਿਸਾਨ-ਮਜ਼ਦੂਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਬਾਡਰਾਂ ’ਤੇ ਧਰਨਾ ਲਾਈ ਬੈਠੇ ਹਨ, ਜਿਸ ਵਿਚ 550 ਦੇ ਕਰੀਬ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਦਰਮਿਆਨ ਹੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ ਚੋਣ ਮੁਹਿੰਮ ਦਾ ਆਗ਼ਾਜ਼ ਕਰ ਕੇ, ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨਾਂ ਨੂੰ ਆਪਸ ਵਿਚ ਪਾੜ੍ਹ ਕੇ ਮੋਰਚੇ ਨੂੰ ਕਮਜ਼ੋਰ ਕਰਨ ਦਾ ਕੰਮ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕੀ ਕਿਸਾਨ ਮੋਰਚੇ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਵਿਰੋਧੀ ਚਿਹਰੇ ਨੂੰ ਲੋਕਾਂ ਸਾਹਮਣੇ ਨੰਗਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕੀ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਲੋਕਾਂ ਦੇ ਹਕੀਕੀ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਬਲਕਿ ਅਪਣੀ ਕੁਰਸੀ ਦਾ ਲਾਲਚ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਦੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨ ਵਾਲੀਆਂ ਸਾਰੀਆਂ ਸਿਆਸੀ ਚਾਲਾਂ ਨੂੰ ਪਹਿਚਾਣਕੇ ਫੇਲ੍ਹ ਕੀਤਾ ਜਾਵੇ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਵੱਡੀ ਗਿਣਤੀ ਨਗਰ ਨਿਵਾਸੀਆਂ ਨੇ ਇਕਮੱਤ ਹੋ ਕੇ ਮਤਾ ਪਾਸ ਕੀਤਾ ਕਿ ਜਿੰਨਾ ਸਮਾਂ ਦਿੱਲੀ ਵਿਚ ਕਿਸਾਨ ਮੋਰਚਾ ਚਲ ਰਿਹਾ ਹੈ ਉਨ੍ਹਾਂ ਸਮਾਂ ਕੋਈ ਵੀ ਸਿਆਸੀ ਲੀਡਰ ਪਿੰਡ ਵਿਚ ਨਾ ਆਵੇ। ਜੇਕਰ ਕੋਈ ਆਇਆ ਤਾਂ ਉਸ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਮਨੋਹਰ ਲਾਲ ਪੰਚਾਇਤ ਮੈਂਬਰ, ਹਰਜਿੰਦਰ ਸਿੰਘ ਬੂਟਾ, ਪੰਚਾਇਤ ਮੈਂਬਰ ਦੀਪੀ ਢੀਂਡਸਾ, ਗੀਤਕਾਰ ਗੁਰੀ ਚੌਂਦੇ ਵਾਲਾ, ਅਮ੍ਰਿਤ ਸਿੰਘ ਕਾਲਾ ਅਤੇ ਹਰਪ੍ਰੀਤ ਸਿੰਘ ਤੋਂ ਬਿਨਾਂ ਵੱਡੀ ਗਿਣਤੀ ਨਗਰ ਨਿਵਾਸੀ ਸ਼ਾਮਲ ਸਨ।
ਫੋਟੋ 17-6