
ਪ੍ਰਧਾਨਗੀ ਮਿਲਣ ਦੇ ਚਰਚਿਆਂ ਵਿਚਕਾਰ : ਨਵਜੋਤ ਸਿੰਘ ਸਿੱਧੂ ਨੇ ਮੌਜੂਦਾ ਪ੍ਰਧਾਨ ਜਾਖੜ ਤੇ ਸਾਬਕਾ ਪ੍ਰਧਾਨਾਂ ਲਾਲ ਸਿੰਘ, ਬਾਜਵਾ ਤੇ ਦੂਲੋ ਤੋਂ ਲਿਆ ਅਸ਼ੀਰਵਾਦ
ਮੰਤਰੀ ਸੁਖਜਿੰਦਰ ਰੰਧਾਵਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਨੂੰ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਕੇ ਮਿਲੇ
ਚੰਡੀਗੜ੍ਹ, 17 ਜੁਲਾਈ (ਗੁਰਉਪਦੇਸ਼ ਭੁੱਲਰ) : ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣਾ ਹੁਣ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਅਤੇ ਸਿਰਫ਼ ਹਾਈਕਮਾਨ ਦੇ ਰਸਮੀ ਐਲਾਨ ਦੀ ਉਡੀਕ ਹੈ। ਨਵਜੋਤ ਸਿੰਘ ਸਿੱਧੂ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹਾਈਕਮਾਨ ਤੋਂ ਮਿਲੇ ਸੰਕੇਤਾਂ ਬਾਅਦ ਐਕਸ਼ਨ ਵਿਚ ਵਿਖਾਈ ਦੇ ਰਹੇ ਹਨ।
ਅੱਜ ਉਨ੍ਹਾਂ ਚੰਡੀਗੜ੍ਹ ਪਹੁੰਚ ਕੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਤਿੰਨ ਸਾਬਕਾ ਸੂਬਾ ਪ੍ਰਧਾਨਾਂ ਲਾਲ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋਂ ਤੋਂ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜ ਕੇ ਅਸ਼ੀਰਵਾਦ ਲਿਆ। ਇਸ ਤੋਂ ਵੀ ਸਪੱਸ਼ਟ ਹੋਇਆ ਹੈ ਕਿ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦਾ ਸੁਨੇਹਾ ਉਨ੍ਹਾਂ ਨੂੰ ਮਿਲ ਚੁੱਕਾ ਹੈ। ਇਨ੍ਹਾਂ ਚਾਰੇ ਆਗੂਆਂ ਨਾਲ ਮਿਲਣ ਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਫ਼ੋਟੋਆਂ ਸਮੇਤ ਦਿਤੀ। ਉਹ ਅੱਜ ਚੰਡੀਗੜ੍ਹ ਵਿਚ ਕਈ ਮੰਤਰੀਆਂ ਤੇ ਵਿਧਾਹਿਕਾਂ ਨੂੰ ਵੀ ਮਿਲੇ ਅਤੇ ਬਾਅਦ ਦੁਪਹਿਰ ਪਟਿਆਲਾ ਵਾਪਸ ਚਲੇ ਗਏ।
ਸੁਨੀਲ ਜਾਖੜ ਨਾਲ ਮੁਲਾਕਾਤ ਸਮੇਂ ਸਿੱਧੂ ਉਨ੍ਹਾਂ ਨੂੰ ਜੱਫ਼ੀ ਪਾ ਕੇ ਮਿਲੇ। ਉਨ੍ਹਾਂ ਜਾਖੜ ਤੋਂ ਭਵਿੱਖ ਲਈ ਮਾਰਗ ਦਰਸ਼ਨ ਦੀ ਅਪੀਲ ਕੀਤੀ। ਸੁਨੀਲ ਜਾਖੜ ਨੇ ਕਿਹਾ ਕਿ ਉਹ ਅਗਲੀਆਂ ਚੋਣਾਂ ਵਿਚ ਜਾਣ ਸਮੇਂ ਮਾਰਗ ਦਰਸ਼ਨ ਜ਼ਰੂਰ ਦੇਣਗੇ ਅਤੇ ਪਾਰਟੀ ਦੇ ਕੰਮ ਲਈ ਕਦੇ ਵੀ ਪਿੱਛੇ ਨਹੀਂ ਚਟਣਗੇ। ਜਾਖੜ ਨੇ ਕਿਹਾ ਕਿ ਸਿੱਧੂ ਇਕ ਅਨੁਭਵੀ ਨੇਤਾ ਹਨ। ਸਿੱਧੂ ਨੇ ਹੋਰਨਾਂ ਸਾਬਕਾ ਪ੍ਰਧਾਨਾਂ ਤੋਂ ਵੀ ਮਾਰਗ ਦਰਸ਼ਨ ਕਰਨ ਦੀ ਹੀ ਅਪੀਲ ਕੀਤੀ ਅਤੇ ਸੱਭ ਵੱਲੋਂ ਵਧੀਆ ਹੁੰਗਾਰਾ ਵੀ ਮਿਲਿਆ।
ਜਾਖੜ ਤੇ ਤਿੰਨ ਸਾਬਕਾ ਪ੍ਰਧਾਨਾ ਤੋਂ ਇਲਾਵਾ ਸਿੱਧੂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਲਵੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਕਾਂਗੜ ਨੂੰ ਵੀ ਉਨ੍ਹਾਂ ਕੋਲ ਜਾ ਕੇ ਮਿਲੇ। ਇਸ ਤੋਂ ਇਲਾਵਾ ਜਿਹੜੇ ਵਿਧਾਇਕਾਂ ਨੂੰ ਮਿਲੇ ਉਨ੍ਹਾਂ ’ਚ ਰਾਜਾ ਵੜਿੰਗ, ਕੁਲਬੀਰ ਜ਼ੀਰਾ, ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਪਰਗਟ ਸਿੰਘ, ਦਵਿੰਦਰ ਘੁਬਾਇਆ ਆਦਿ ਦੇ ਨਾ ਜ਼ਿਕਰਯੋਗ ਹਨ।