
ਪੰਜਾਬ ਕਾਂਗਰਸ ’ਚ ਕੋਈ ਕਾਟੋ-ਕਲੇਸ਼ ਨਹੀਂ, ਸਿਰਫ਼ ਮੁੱਦਿਆਂ ਦੀ ਲੜਾਈ : ਰੰਧਾਵਾ
ਨਵਜੋਤ ਸਿੱਧੂ ਨਾਲ ਮੀਟਿੰਗ ਨੂੰ ਦਸਿਆ ਪਾਰਟੀ
ਚੰਡੀਗੜ੍ਹ, 17 ਜੁਲਾਈ (ਭੁੱਲਰ) : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ’ਚ ਕੋਈ ਕਾਟੋ-ਕਲੇਸ਼ ਜਾਂ ਧੜੇਬੰਦੀ ਨਹੀਂ ਅਤੇ ਸਿਰਫ਼ ਪਾਰਟੀ ਦੀ ਬੇਹਤਰੀ ਲਈ ਮੁੱਦਿਆਂ ਦੀ ਲੜਾਈ ਹੈ। ਅੱਜ ਇਥੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਬੇਹਤਰੀ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਬਾਗ਼ੀ ਨਹੀਂ ਕਿਹਾ ਜਾਣਾ ਚਾਹੀਦਾ। ਪੰਜਾਬ ਦੇ ਅਜਿਹੇ ਮੁੱਦੇ ਹਨ ਜਿਨ੍ਹਾਂ ਬਾਰੇ ਅਸੀਂ ਕੀਤੇ ਵਾਅਦੇ ਅਨੁਸਾਰ ਲੋਕਾਂ ਅੱਗੇ ਜਵਾਬ ਦੇਹ ਹਾਂ ਤੇ ਚੋਣਾਂ ਨੇੜੇ ਹਨ। ਅਜਿਹੇ ਮੁੱਦੇ ਚੁੱਕਣਾ ਗ਼ਲਤ ਨਹੀਂ ਅਤੇ ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ, ਜਿਸ ’ਚ ਅਸੀਂ ਅਪਣੀ ਗੱਲ ਰੱਖ ਸਕਦੇ ਹਾਂ। ਉਨ੍ਹਾਂ ਅੱਜ ਦੀ ਨਵਜੋਤ ਸਿੱਧੂ ਨਾਲ ਮੀਟਿੰਗ ਬਾਰੇ ਕਿਹਾ ਕਿ ਇਹ ਪਾਰਟੀ ਦੀ ਪ੍ਰਵਾਰਕ ਮੀਟਿੰਗ ਸੀ ਅਤੇ ਅਜਿਹੀਆਂ ਮੀਟਿੰਗਾਂ ਅਕਸਰ ਚਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਧੜੇਬੰਦੀ ਕਹਿਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਲਾਲ ਸਿੰਘ
ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪੁਰਾਣੇ ਇਤਿਹਾਸ ਦੀਆਂ ਗੱਲਾਂ ਵੀ ਦੱਸੀਆਂ ਕਿ ਕਿਵੇਂ ਸਿੱਧੂ ਦੇ ਪਿਤਾ ਸ. ਭਗਵੰਤ ਸਿੰਘ ਤੇ ਮੇਰੇ ਪਿਤਾ ਸ. ਸੰਤੋਖ ਸਿੰਘ ਉਨ੍ਹਾਂ ਨਾਲ ਇਕੱਠੇ ਕੰਮ ਕਰਦੇ ਰਹੇ ਹਨ ਅਤੇ ਇਨ੍ਹਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਬਣਦੇ ਹਨ ਤਾਂ ਇਸ ਦਾ ਜ਼ਰੂਰ ਲਾਭ ਮਿਲੇਗਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ਸਮੇਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਦਾ ਫ਼ੈਸਲਾ ਤਾਂ ਹਰ ਨੂੰ ਮੰਨਣਾ ਪੈਂਦਾ ਹੈ ਅਤੇ ਕੋਈ ਵੀ ਹਾਈਕਮਾਨ ਦੇ ਫ਼ੈਸਲੇ ਨੂੰ ਨਾ ਮੰਨ ਕੇ ਪਾਰਟੀ ਪ੍ਰਧਾਨ ਦੀ ਪਿੱਠ ’ਚ ਛੁਰਾ ਨਹੀਂ ਮਾਰ ਸਕਦਾ।