
ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਨੂੰ ਸਿਸਵਾਂ ਹਾਊਸ ਜਾ ਕੇ ਮਿਲੇ
ਚੰਡੀਗੜ੍ਹ, 17 ਜੁਲਾਈ (ਭੁੱਲਰ) : ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਦੀਆਂ ਖ਼ਬਰਾਂ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਦਿਖਾਈ ਦੇ ਰਹੇ ਹਨ। ਹਾਲੇ ਸਿੱਧੂ ਦੇ ਨਾਮ ਦਾ ਅਧਿਕਾਰਤ ਐਲਾਨ ਵੀ ਨਹੀਂ ਹੋਇਆ ਅਤੇ ਇਸੇ ਦੌਰਾਨ ਕੈਪਟਨ ਦੇ ਸਿਆਸੀ ਸ਼ਰੀਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਅੱਜ ਦੇਰ ਸ਼ਾਮ ਸਿਸਵਾਂ ਹਾਉਸ ਪਹੁੰਚ ਕੇ ਊਨ੍ਹਾ ਨਾਲ ਮੁਲਾਕਾਤ ਕੀਤੀ ਹੈ। ਦਿਨ ਵੇਲੇ ਨਵਜੋਤ ਸਿੱਧੂ ਵੀ ਬਾਜਵਾ ਨੂੰ ਮਿਲੇ ਸਨ। ਬਾਜਵਾ ਦੇ ਸ਼ਾਮ ਨੂੰ ਅਮਰਿੰਦਰ ਸਿੰਘ ਕੋਲ ਮਿਲਣ ਪਹੁੰਚ ਜਾਣ ਦੇ ਕਈ ਮਾਇਨੇ ਕੱਢੇ ਜਾ ਸਕਦੇ ਹਨ। ਕੈਪਟਨ ਭਾਵੇਂ ਹਾਈ ਕਮਾਨ ਦਾ ਫ਼ੈਸਲਾ ਪ੍ਰਵਾਨ ਕਰਨ ਦੀ ਗੱਲ ਕਹਿ ਰਹੇ ਹਨ ਪਰ ਅੰਦਰਖਾਤੇ ਸਿੱਧੂ ਨੂੰ ਸਵੀਕਾਰ ਨਹੀਂ ਕਰ ਰਹੇ। ਬਾਜਵਾ ਵੀ ਅੰਦਰਖਾਤੇ ਸਿੱਧੂ ਨੂੰ ਪ੍ਰਧਾਨਗੀ ਦੇਣ ਦੇ ਹੱਕ ਚ ਨਹੀਂ। ਇਸ ਕਰ ਕੇ ਕੈਪਟਨ ਤੇ ਬਾਜਵਾ ਦੀ ਮਿਲਣੀ ਅਹਿਮ ਹੋ ਜਾਂਦੀ ਹੈ। ਐਲਾਨ ਹੋਣ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲ ਵੀ ਸਕਦੇੇ ਹਨ। ਜ਼ਿਕਰਯੋਗ ਹੈ ਕੇ ਕੈਪਟਨ ਨਾਲ ਬਾਜਵਾ ਦੀ ਮੁਲਾਕਾਤ ਸਮੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਮੰਤਰੀ ਰਾਣਾ ਸੋਢੀ ਵੀ ਮੌਜੂਦ ਸਨ। ਇਸ ਤਰਾਂ ਕੈਪਟਨ ਅਪਣੀ ਸ਼ਕਤੀ ਵੀ ਬਰਕਰਾਰ ਰੱਖ ਰਹੇ ਹਨ।