
ਪੈਕਟ ਬੰਦ ਤੇ ਲੇਬਲ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ, ਹਸਪਤਾਲ ਦੇ ਕਮਰਿਆਂ 'ਤੇ ਅੱਜ ਤੋਂ ਦੇਣਾ ਪਵੇਗਾ ਪੰਜ ਫ਼ੀ ਸਦੀ ਜੀ.ਐਸ.ਟੀ
ਮਹਿੰਗਾਈ ਦੀ ਮਾਰ ਜਾਰੀ
ਨਵੀਂ ਦਿੱਲੀ, 17 ਜੁਲਾਈ : ਜੀਐਸਟੀ ਕੌਂਸਲ ਦੇ ਫ਼ੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਤੋਂ ਕਈ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ | ਇਨ੍ਹਾਂ ਵਿਚ ਪਹਿਲਾਂ ਤੋਂ ਪੈਕ ਕੀਤੀਆਂ ਅਤੇ ਲੇਬਲ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਆਟਾ, ਪਨੀਰ ਅਤੇ ਦਹੀਂ ਵਰਗੀਆਂ ਸ਼ਾਮਲ ਹਨ, ਜਿਨ੍ਹਾਂ 'ਤੇ ਪੰਜ ਫ਼ੀ ਸਦੀ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੇਣਾ ਪਵੇਗਾ | ਇਸੇ ਤਰ੍ਹਾਂ 5,000 ਰੁਪਏ ਤੋਂ ਵਧ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ 'ਤੇ ਵੀ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ | ਇਸ ਤੋਂ ਇਲਾਵਾ 1000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ 'ਤੇ 12 ਫ਼ੀ ਸਦੀ ਦੀ ਦਰ ਨਾਲ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ | ਫ਼ਿਲਹਾਲ ਇਸ 'ਤੇ ਕੋਈ ਟੈਕਸ ਨਹੀਂ ਹੈ | ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਜੀਐਸਟੀ ਕੌਂਸਲ ਨੇ ਪਿਛਲੇ ਹਫ਼ਤੇ ਅਪਣੀ ਮੀਟਿੰਗ ਵਿਚ, ਡੱਬਾਬੰਦ ਜਾਂ ਪੈਕ ਕੀਤੇ ਅਤੇ ਲੇਬਲ ਕੀਤੇ (ਫ਼ਰੋਜ਼ਨ ਨੂੰ ਛੱਡ ਕੇ) ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਸੁੱਕਾ ਮਖਾਣਾ,
ਸੁੱਕਾ ਸੋਇਆਬੀਨ, ਮਟਰ, ਵਰਗੇ ਉਤਪਾਦ, ਕਣਕ ਤੇ ਹੋਰ ਅਨਾਜ ਅਤੇ ਮੁਰਮੁਰੇ 'ਤੇ 5ਫ਼ੀ ਸਦੀ ਜੀਐਸਟੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਟੈਕਸ ਦਰਾਂ ਵਿਚ ਬਦਲਾਅ 18 ਜੁਲਾਈ ਤੋਂ ਲਾਗੂ ਹੋਵੇਗਾ |
ਇਸੇ ਤਰ੍ਹਾਂ, ਟੈਟਰਾ ਪੈਕ ਅਤੇ ਬੈਂਕ ਦੁਆਰਾ ਜਾਰੀ ਕੀਤੇ ਗਏ ਚੈੱਕਾਂ 'ਤੇ 18 ਫ਼ੀ ਸਦੀ ਜੀਐਸਟੀ ਅਤੇ ਐਟਲਸ ਸਮੇਤ ਨਕਸ਼ਿਆਂ ਅਤੇ ਚਾਰਟ 'ਤੇ 12 ਫ਼ੀ ਸਦੀ ਜੀਐਸਟੀ ਲਗਾਇਆ ਜਾਵੇਗਾ | ਇਸ ਦੇ ਨਾਲ ਹੀ ਖੁਲ੍ਹੇ 'ਚ ਵੇਚੇ ਜਾਣ ਵਾਲੇ ਗ਼ੈਰ-ਬ੍ਰਾਂਡ ਵਾਲੇ ਉਤਪਾਦਾਂ 'ਤੇ ਛੋਟ ਜਾਰੀ ਰਹੇਗੀ |
'ਪਿ੍ੰਟਿੰਗ/ਡਰਾਇੰਗ ਸਿਆਹੀ', ਤਿੱਖੇ ਚਾਕੂ, ਪੇਪਰ ਕੱਟਣ ਵਾਲੇ ਚਾਕੂ ਅਤੇ 'ਪੈਨਸਿਲ ਸ਼ਾਰਪਨਰ', ਐਲਈਡੀ ਲੈਂਪ, ਡਰਾਇੰਗ ਅਤੇ ਮਾਰਕਿੰਗ ਉਤਪਾਦਾਂ 'ਤੇ ਟੈਕਸ ਦਰਾਂ ਨੂੰ ਵਧਾ ਕੇ 18 ਫ਼ੀ ਸਦੀ ਕਰ ਦਿਤਾ ਗਿਆ ਹੈ |
ਸੋਲਰ ਵਾਟਰ ਹੀਟਰਾਂ 'ਤੇ ਹੁਣ 12 ਫ਼ੀ ਸਦੀ ਜੀਐਸਟੀ ਲੱਗੇਗਾ ਜੋ ਪਹਿਲਾਂ ਪੰਜ ਫ਼ੀ ਸਦੀ ਟੈਕਸ ਸੀ | ਸੜਕ, ਪੁਲ, ਰੇਲਵੇ, ਮੈਟਰੋ, ਵੇਸਟ ਟ੍ਰੀਟਮੈਂਟ ਪਲਾਂਟ ਅਤੇ ਸਮਸ਼ਾਨਘਾਟ ਦੇ ਕੰਮ ਦੇ ਠੇਕਿਆਂ 'ਤੇ ਹੁਣ 18 ਫ਼ੀਸਦੀ ਜੀਐਸਟੀ ਲੱਗੇਗਾ, ਜੋ ਹੁਣ ਤਕ 12 ਫ਼ੀ ਸਦੀ ਸੀ | ਹਾਲਾਂਕਿ ਰੋਪਵੇਅ ਅਤੇ ਕੁੱਝ ਸਰਜੀਕਲ ਯੰਤਰਾਂ ਰਾਹੀਂ ਮਾਲ ਅਤੇ ਯਾਤਰੀਆਂ ਦੀ ਢੋਆ-ਢੁਆਈ 'ਤੇ ਟੈਕਸ ਦੀ ਦਰ ਘਟਾ ਕੇ ਪੰਜ ਫ਼ੀ ਸਦੀ ਕਰ ਦਿਤੀ ਗਈ ਹੈ | ਪਹਿਲਾਂ ਇਹ 12 ਫ਼ੀ ਸਦੀ ਸੀ | ਮਾਲ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਟਰੱਕਾਂ, ਵਾਹਨਾਂ, ਜਿਸ ਵਿਚ ਈਾਧਨ ਦੀ ਲਾਗਤ ਸ਼ਾਮਲ ਹੈ, 'ਤੇ ਹੁਣ 18 ਫ਼ੀ ਸਦੀ ਦੇ ਮੁਕਾਬਲੇ 12 ਫ਼ੀ ਸਦੀ ਜੀਐਸਟੀ ਲੱਗੇਗਾ | (ਏਜੰਸੀ)