
ਪੰਜਾਬ 'ਚ ਰੀਕਾਰਡ ਤੋੜ 155 ਫ਼ੀ ਸਦੀ ਵੱਧ ਮੀਂਹ
ਫ਼ਿਰੋਜ਼ਪੁਰ, ਮੁਕਤਸਰ ਤੇ ਫ਼ਾਜ਼ਿਲਕਾ 'ਚ ਫ਼ਸਲਾਂ ਦਾ ਸੱਭ ਤੋਂ ਵੱਧ ਨੁਕਸਾਨ
ਚੰਡੀਗੜ੍ਹ, 17 ਜੁਲਾਈ (ਪ.ਪ.) : ਪੰਜਾਬ ਵਿਚ ਭਾਰੀ ਮੀਂਹ ਕਾਰਨ ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋਣ ਦੀ ਖ਼ਬਰ ਹੈ ਅਤੇ ਹੋਰ ਵੀ ਰਿਕਾਰਡ ਮੀਂਹ ਪੈਣ ਦੀ ਸੰਭਾਵਨਾ ਹੈ | ਮੀਂਹ ਕਾਰਨ ਜਿਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉਥੇ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ | ਚੰਡੀਗੜ੍ਹ ਵਿਚ ਵੀ ਮੀਂਹ ਕਾਰਨ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹੇ ਗਏ ਹਨ, ਜਿਸ ਕਾਰਨ ਮੋਹਾਲੀ ਵਿਚ ਹੜ੍ਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ |
ਫ਼ਸਲਾਂ ਦਾ ਸੱਭ ਤੋਂ ਵੱਧ ਹਜ਼ਾਰਾਂ ਏਕੜ ਨੁਕਸਾਨ ਇਕੱਲੇ ਸ੍ਰੀ ਮੁਕਤਸਰ ਸਾਹਿਬ 'ਚ ਵੇਖਣ ਨੂੰ ਮਿਲ ਰਿਹਾ ਹੈ | ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ੇਸ਼ ਤੌਰ 'ਤੇ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ | ਜੇਕਰ ਗੱਲ ਪੰਜਾਬ ਵਿਚ ਮੀਂਹ ਪੈਣ ਦੀ ਕੀਤੀ ਜਾਵੇ ਤਾਂ ਇਸ ਵਾਰ ਸੂਬੇ ਵਿਚ ਰਿਕਾਰਡ ਤੋੜ ਮੀਂਹ ਪਿਆ ਦਸਿਆ ਜਾ ਰਿਹਾ ਹੈ ਅਤੇ ਅਜੇ ਹੋਰ ਵੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫ਼ਸਲਾਂ ਲਈ ਆਫ਼ਤ ਬਣ ਕੇ ਆਇਆ ਇਹ ਭਾਰੀ ਮੀਂਹ ਪਿਛਲੇ 24 ਘੰਟਿਆਂ 'ਚ 155 ਫ਼ੀ ਸਦੀ ਵੱਧ ਪੈ ਚੁੱਕਿਆ ਹੈ, ਜਦਕਿ ਸਾਧਾਰਨ ਤੌਰ 'ਤੇ ਇਸ ਸਮੇਂ ਦੌਰਾਨ 6.8 ਮਿਲੀ.ਮੀ. ਮੀਂਹ ਹੀ ਪੈਂਦਾ ਸੀ |
ਭਾਰੀ ਮੀਂਹ ਕਾਰਨ ਜਿਥੇ ਫ਼ਸਲਾਂ ਖ਼ਰਾਬ ਹੋਈਆਂ ਹਨ, ਉਥੇ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ ਪਾਣੀ-ਪਾਣੀ ਹੋਇਆ ਪਿਆ ਹੈ | ਨਵਾਂ ਸ਼ਹਿਰ 'ਚ 1422 ਫ਼ੀ ਸਦੀ ਵੱਧ ਮੀਂਹ ਪੈ ਗਿਆ ਦਸਿਆ ਜਾ ਰਿਹਾ ਹੈ | ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ | ਸੀਵਰੇਜ ਪਾਈਪਾਂ ਠੱਪ ਹੋ ਗਈਆਂ ਹਨ | ਜੇਕਰ ਗੱਲ ਕੀਤੀ ਜਾਵੇ ਤਾਂ ਸੱਭ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਵੇਖਣ ਨੂੰ ਆ ਰਿਹਾ ਹੈ | ਇਥੇ ਭਾਰੀ ਬਾਰਸ਼ ਨਾਲ ਹਲਕਾ ਲੰਬੀ ਅਤੇ ਮਲੋਟ ਦੀ ਹਜ਼ਾਰਾਂ ਏਕੜ ਫ਼ਸਲ ਵਿਚ ਪਾਣੀ ਭਰ ਗਿਆ, ਜਿਥੇ ਇਸ ਬਾਰਸ਼ ਨਾਲ ਝੋਨੇ,
ਨਰਮੇ ਅਤੇ ਮੁੰਗੀ ਦੀ ਫ਼ਸਲ ਦਾ ਨੁਕਸਾਨ ਹੋਇਆ, ਉਥੇ ਪਸ਼ੂਆਂ ਲਈ ਬੀਜੇ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ | ਖੇਤੀਬਾੜੀ ਵਿਭਾਗ ਅਨੁਸਾਰ ਪੂਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਰੀਬ 15 ਹਜ਼ਾਰ ਹੈਕਟੇਅਰ ਏਕੜ ਫ਼ਸਲਾਂ ਪ੍ਰਭਾਵਤ ਹੋਈਆਂ ਹਨ |
ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਕਸਬਾ ਗੁਰਹਰਸਹਾਏ ਵਿਚ ਮੀਂਹ ਕਾਰਨ ਕਿਸਾਨਾਂ ਦੀ 700 ਏਕੜ ਫ਼ਸਲ ਖ਼ਰਾਬ ਹੋਣ ਦੀ ਸੂਚਨਾ ਹੈ | ਜਿਥੇ ਕਿਸਾਨ ਖ਼ੁਦ ਅਪਣੇ ਨਿਜੀ ਖ਼ਰਚੇ 'ਤੇ ਧਾਨ ਦੀ ਪਨੀਰੀ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਜੁਟ ਗਏ ਹਨ | ਇਸ ਨਾਲ ਹੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ ਫ਼ਸਲਾਂ ਦੇ ਖ਼ਰਾਬੇ ਦੀਆਂ ਖ਼ਬਰਾਂ ਹਨ |