
ਸੰਗਰੂਰ ਦੇ ਐਮਪੀ ਸਿਮਰਨਜੀਤ ਸਿੰਘ ਮਾਨ ਅੱਜ ਪੰਜਾਬੀ ਵਿਚ ਸਹੁੰ ਚੁਕਣਗੇ
ਭਗਤ ਸਿੰਘ ਬਾਰੇ ਸਿਮਰਨਜੀਤ ਮਾਨ ਦੇ ਬਿਆਨ ਨੂੰ ਕੇਵਲ ਸਿਆਸੀ ਰੰਗਤ ਦਿਤੀ ਗਈ
ਚੰਡੀਗੜ੍ਹ, 17 ਜੁਲਾਈ (ਜੀ ਸੀ ਭਾਰਦਵਾਜ): ਬੀਤੇ ਕਲ ਸੰਗਰੂਰ ਤੋਂ ਹਾਲ ਹੀ 'ਚ ਉਪ ਚੋਣ ਜਿੱਤੇ ਲੋਕ ਸਭਾ ਐਮ ਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਬਾਰੇ ਦਿਤੇ ਬਿਆਨ ਕਿ 'ਅੰਗਰੇਜ਼ ਸਰਕਾਰ ਦੇ ਰਾਜ ਵਿਚ ਉਹ ਅਤਿਵਾਦੀ ਸੀ' ਨੇ ਸਿਆਸੀ ਹਲਕਿਆਂ ਵਿਚ ਕਾਫ਼ੀ ਭੜਥੂ ਪਾ ਰਖਿਆ ਹੈ ਅਤੇ ਕਾਂਗਰਸ, 'ਆਪ', ਬੀਜੇਪੀ, ਅਕਾਲੀ ਦਲ ਅਤੇ ਹੋਰ ਪਾਰਟੀਆਂ ਤੇ ਉਨ੍ਹਾਂ ਦੇ ਨੇਤਾ ਤੇ ਬੁਲਾਰੇ ਸਿਮਰਜੀਤ ਮਾਨ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ | ਇਕ ਦੋ ਪਾਰਟੀਆਂ ਦੇ ਨੇਤਾਵਾਂ ਨੇ ਤਾਂ ਮਾਨ ਵਿਰੁਧ ਸ਼ਿਕਾਇਤ ਵੀ ਦਰਜ ਕਰਵਾ ਦਿਤੀ ਹੈ ਤੇ ਮੁਆਫ਼ੀ ਮੰਗਣ ਦੀ ਸ਼ਰਤ ਵੀ ਰੱਖੀ ਹੈ |
ਇਸ ਗੰਭੀਰ ਮੁੱਦੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਉੱਘੇ ਵਕੀਲ ਰੰਜਨ ਲਖਨਪਾਲ ਨੇ ਅਪਣੀ ਦਸ ਸੈਕਟਰ ਦੀ ਰਿਹਾਇਸ਼ ਵਿਖੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਿੱਖਾਂ ਦੀ ਆਜ਼ਾਦ ਸੋਚ ਵਖਰਾ ਦਿ੍ਸ਼ਟੀਕੋਣ, ਆਜ਼ਾਦ ਹਸਤੀ ਅਤੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਸ਼ਾਂਤਮਈ ਢੰਗ ਨਾਲ ਵਖਰਾ ਖ਼ਿੱਤਾ ਕਾਇਮ ਕਰਨ ਦੀ ਮੰਗ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਮੁਤਾਬਕ ਜਾਇਜ਼ ਹੈ ਜਿਸ ਦਾ ਲਾਭ ਇਹ ਮਾਣਯੋਗ ਐਮਪੀ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦਾ ਇਹ ਪ੍ਰਧਾਨ ਉਠਾ ਰਿਹਾ ਹੈ | ਐਡਵੋਕੇਟ ਲਖਨਪਾਲ ਨੇ ਦਸਿਆ ਕਿ ਇਹ ਨਵੇਂ ਚੁਣੇ ਐਮਪੀ ਭਲਕੇ ਲੋਕ ਸਭਾ ਵਿਚ ਸਪੀਕਰ ਓਮ ਬਿਰਲਾ ਪਾਸ ਪੰਜਾਬੀ ਵਿਚ ਸਹੁੰ ਚੁਕਣਗੇ ਜਿਸ ਦੀ ਇਬਾਰਤ ਉਨ੍ਹਾਂ ਪਾਸ ਪੁਜਦੀ ਕਰ ਦਿਤੀ ਹੈ | ਇਸ ਹਲਫ਼ ਵਿਚ ਸ: ਮਾਨ ਦੇਸ਼ ਦੀ ਅਖੰਡਤਾ ਤੇ ਭਾਵੁਕ ਪ੍ਰਭੂਸੱਤਾ
ਕਾਇਮ ਰੱਖਣ ਦੀ ਸਹੁੰ ਚੁਕਣਗੇ | ਇਹ ਪੁੱਛੇ ਜਾਣ 'ਤੇ ਕਿ ਐਤਕੀਂ ਲੰਬੀ ਕਿਰਪਾਨ ਸੰਸਦ ਵਿਚ ਲਿਜਾ ਰਹੇ ਹਨ ਦੇ ਜਵਾਬ ਵਿਚ ਇਸ ਕਾਨੂੰਨੀ ਸਲਾਹਕਾਰ ਨੇ ਸਪੱਸ਼ਟ ਕਿਹਾ ਕਿ ਐਤਕੀ ਸ.ਮਾਨ ਪੰਜਾਬ ਦੇ ਪੰਜਾਬੀ ਨੌਜਵਾਨਾਂ ਦੇ ਮੁੱਦੇ ਲੋਕ ਸਭਾ ਵਿਚ ਚੁਕਣਗੇ ਕਿ੍ਪਾਨ ਦਾ ਕੋਈ ਮਸਲਾ ਨਹੀਂ | ਕੇਵਲ ਪੰਜਾਬ ਦੀ ਆਰਥਕ, ਸਮਾਜਕ ਵਿਦਿਅਕ ਤੇ ਖੇਤੀਬਾੜੀ ਸਬੰਧੀ ਸਮੇਤ ਸਿੱਖੀ ਤੇ ਪੰਥ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਬਾਰੇ ਵਿਚਾਰ ਦੇਣਗੇ |
ਜ਼ਿਕਰਯੋਗ ਹੈ ਕਿ 67 ਸਾਲਾ ਉੱਘੇ ਵਕੀਲ ਰੰਜਨ ਲਖਨਪਾਲ ਹੀ 1990 ਤੋਂ ਸ. ਮਾਨ ਵਲੋਂ ਦਰਜ ਜਾਂ ਇਨ੍ਹਾਂ ਵਿਰੁਧ ਸਰਕਾਰ ਜਾਂ ਹੋਰਨਾਂ ਵਲੋਂ ਦਰਜ ਸ਼ਿਕਾਇਤਾਂ ਤੇ ਅਦਾਲਤੀ ਕੇਸ, 150 ਤੋਂ ਵੱਧ ਸ਼ਿਮਲਾ, ਚੰਡੀਗੜ੍ਹ, ਦਿੱਲੀ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਜਲੰਧਰ, ਅੰਮਿ੍ਤਸਰ, ਸੰਗਰੂਰ, ਬਾਬਾ ਬਕਾਲਾ, ਬਠਿੰਡਾ, ਜੰਮੂ ਸ੍ਰੀਨਗਰ ਤੇ ਹੋਰ ਸ਼ਹਿਰਾਂ ਤੇ ਸੂਬਿਆਂ ਵਿਚ ਪੈਰਵੀ ਕਰ ਰਹੇ ਹਨ | ਉਨ੍ਹਾਂ ਦਸਿਆ ਕਿ ਬਹੁਤੇ ਕੇਸਾਂ ਵਿਚ ਸ. ਮਾਨ ਬਰੀ ਹੋ ਚੁੱਕੇ ਹਨ | ਹੁਣ 15-20 ਕੇਸ ਅਜੇ ਚਲੀ ਜਾਂਦੇ ਹਨ | ਰੰਜਨ ਲਖਨਪਾਲ ਨੇ ਦਸਿਆ ਕਿ ਸ. ਮਾਨ ਨੂੰ ਅਮਰੀਕਾ ਜਾਣ ਦਾ ਵੀਜ਼ਾ ਨਾ ਮਿਲਣ ਕਰ ਕੇ ਉਨ੍ਹਾਂ ਕੱੁਝ ਸਮਾਂ ਪਹਿਲਾਂ ਨਿਊਯਾਰਕ ਦੀ ਅਦਾਲਤ ਵਿਚ ਮਾਮਲਾ ਦਰਜ ਕੀਤਾ ਹੋਇਆ ਹੈ |
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸੰਗਰੂਰ ਉਪ ਚੋਣ ਵੇਲੇ ਉਠੇ ਮੁੱਦੇ ਅਤੇ ਹੋਰ ਸਿੱਖ ਪੰਥ ਬਾਰੇ ਸੋਸ਼ਲ ਮੀਡੀਆ ਵਿਚ ਪੈਦਾ ਹੋਏ ਵਿਚਾਰਾਂ ਤੇ ਰੰਜਨ ਲਖਨਪਾਲ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ 2000 ਦੇ ਕਰੀਬ ਸਿੱਖਾਂ ਦੀ ਰਿਹਾਈ ਕਰਵਾਈ ਹੈ, ਕੋਈ ਫ਼ੀਸ ਨਹੀਂ ਲਈ, ਮਨੁੱਖੀ ਅਧਿਕਾਰਾਂ ਦੀ ਪੈਰਵਾਈ ਕੀਤੀ ਹੈ | ਅੱਜਕਲ ਹਰ ਮੁੱਦੇ ਤੇ ਸਿਆਸਤ ਖੇਡੀ ਜਾ ਰਹੀ ਹੈ | ਸਸਤੀ ਸ਼ੋਹਰਤ ਖੱਟਣ ਵਾਸਤੇ ਬਹਿਸ ਤੇ ਬੇਲੋੜੀ ਚਰਚਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮਹੱਤਵਪੂਰਨ ਤੇ ਭਖਦੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਹੀ ਇਹੋ ਜਿਹੇ ਨੁਕਤੇ ਉਠਾ ਕੇ ਸਿਆਸੀ ਨੇਤਾ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਨੁਕਸਾਨ ਅਖ਼ੀਰ ਵਿਚ ਪੰਜਾਬ ਦਾ ਹੀ ਹੋ ਰਿਹਾ ਹੈ |