
1 ਅਗਸਤ, 2023 ਤੋਂ ਲਾਗੂ ਹੋਵੇਗਾ ਫੈਸਲਾ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 9400 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ 1 ਅਗਸਤ, 2023 ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨ ਦੀ ਕੀਤੀ ਮੰਗ
ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਵਿਚ ਵਾਧਾ ਕਰਨ ਸਬੰਧੀ ਸੁਤੰਤਰਤਾ ਸੰਗਰਾਮੀ ਭਲਾਈ ਵਿਭਾਗ ਤੋਂ ਪ੍ਰਾਪਤ ਤਜ਼ਵੀਜ ਤੇ ਵਿਚਾਰ ਕਰਦਿਆਂ ਵਿੱਤ ਵਿਭਾਗ ਵਲੋਂ ਇਸ ਕਾਰਜ ਲਈ ਲੋੜੀਂਦੇ ਸਾਲਾਨਾ ਦੇ ਬਜ਼ਟ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ 545 ਲਾਭਪਾਤਰੀਆਂ, ਜਿਨ੍ਹਾਂ ਵਿਚ ਖੁਦ ਆਜ਼ਾਦੀ ਘੁਲਾਟੀਏ, ਮ੍ਰਿਤਕ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਜਾਂ ਅਣਵਿਆਹੇ ਤੇ ਬੇਰੁਜ਼ਗਾਰ ਲੜਕੀਆਂ ਤੇ ਲੜਕੇ ਸ਼ਾਮਲ ਹਨ, ਨੂੰ ਸਿੱਧੇ ਤੌਰ ‘ਤੇ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ: ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਉਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣਾ: ਹਰਜੀਤ ਗਰੇਵਾਲ
ਵਿੱਤ ਮੰਤਰੀ ਨੇ ਦਸਿਆ ਕਿ ਸਬੰਧਤ ਪ੍ਰਬੰਧਕੀ ਵਿਭਾਗ ਦੀ ਤਜ਼ਵੀਜ ਅਨੁਸਾਰ ਵਿੱਤ ਵਿਭਾਗ ਵਲੋਂ ਮਾਰਚ 2020 ਵਿਚ ਲਏ ਫੈਸਲੇ ਤਹਿਤ 1 ਅਪ੍ਰੈਲ, 2021 ਤੋਂ ਸੁਤੰਤਰਤਾ ਸੈਨਿਕ ਸਨਮਾਨ ਰਾਸ਼ੀ 7500 ਰੁਪਏ ਤੋਂ ਵਧਾ ਕੇ 9400 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਵਧੀ ਹੋਈ ਮਹਿੰਗਾਈ ਦੇ ਮੱਦੇਨਜ਼ਰ ਇਸ ਨੂੰ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ: ਬੇਂਗਲੁਰੂ ਵਿਚ ਵਿਰੋਧੀ ਧਿਰਾਂ ਦੇ ਗਠਜੋੜ ਦਾ ਐਲਾਨ: 2024 ਵਿਚ ਹੋਵੇਗਾ ‘ਇੰਡੀਆ’ ਬਨਾਮ ‘ਐਨ.ਡੀ.ਏ.’
ਚੀਮਾ ਨੇ ਕਿਹਾ ਕਿ ਸਾਨੂੰ ਆਪਣੇ ਉਨ੍ਹਾਂ ਯੋਧਿਆਂ ‘ਤੇ ਮਾਣ ਹੈ ਜਿਨ੍ਹਾਂ ਸਦਕਾ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲਿਆਂ ਵਿੱਚ ਪੰਜਾਬੀਆਂ ਦਾ ਨਾਮ ਪ੍ਰਮੁਖਤਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਉਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਉਤਾਰ ਸਕਦੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਨ੍ਹਾਂ ਦੇ ਮਾਨ-ਸਨਮਾਨ ਲਈ ਵਚਨਬੱਧ ਹੈ।