
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਿਸਾਰ ਵਿਚ ਕੱਲ ਕੁੱਝ ਬਦਮਾਸ਼ਾਂ ਵੱਲੋਂ ਇੱਕ ਸਿੱਖ ਪਰਿਵਾਰ ਉੱਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ..
ਚੰਡੀਗੜ੍ਹ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਿਸਾਰ ਵਿਚ ਕੱਲ ਕੁੱਝ ਬਦਮਾਸ਼ਾਂ ਵੱਲੋਂ ਇੱਕ ਸਿੱਖ ਪਰਿਵਾਰ ਉੱਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਮਾਮਲੇ ਵਿਚ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਯਯੋਗ ਹੈ ਕਿ ਪਿਛਲੇ 43 ਸਾਲ ਤੋਂ ਹਰਿਆਣਾ ਵਿਚ ਰਹਿ ਰਹੇ ਇੱਕ ਸਿੱਖ ਪਰਿਵਾਰ ਨੂੰ 'ਬਾਹਰਲੇ' ਕਹਿ ਕੇ ਉਸ ਸਮੇਂ ਹਮਲੇ ਦਾ ਸ਼ਿਕਾਰ ਬਣਾਇਆ ਗਿਆ, ਜਦੋਂ ਉਹ ਆਪਣੇ ਪਰਿਵਾਰ ਦੀਆਂ ਔਰਤਾਂ ਬਾਰੇ ਕੀਤੀਆਂ ਜਾ ਰਹੀਆਂ ਭੱਦੀਆਂ ਟਿੱਪਣੀਆਂ ਦਾ ਵਿਰੋਧ ਕਰ ਰਹੇ ਸਨ।
Sikh family attacked
ਉਹਨਾਂ ਕਿਹਾ ਕਿ ਨਸ਼ੇ ਨਾਲ ਰੱਜੇ 4 ਬਦਮਾਸ਼ਾਂ ਨੇ ਨਾ ਸਿਰਫ ਇੱਕ ਮੈਂਬਰ ਦੀ ਪੱਗ ਉਛਾਲ ਦਿੱਤੀ, ਸਗੋਂ ਦਾੜੀ ਤੋਂ ਫੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਉਹਨਾਂ ਕਿਹਾ ਕਿ ਇਹ ਬਦਮਾਸ਼ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਇੱਕ 7 ਮਹੀਨੇ ਦੀ ਗਰਭਵਤੀ ਅੰਮ੍ਰਿਤਧਾਰੀ ਔਰਤ ਦੇ ਢਿੱਡ ਵਿਚ ਵੀ ਲੱਤਾਂ ਮਾਰੀਆਂ। ਸਰਦਾਰ ਬਾਦਲ ਨੇ ਕਿਹਾ ਕਿ ਅਜਿਹੀ ਘਟਨਾ ਵਾਪਰਨ ਦੇ ਬਾਵਜੂਦ ਹਿਸਾਰ ਪੁਲਿਸ ਉਸ ਰੇਸਤਰਾਂ ਵਿਚ ਹੀ ਨਹੀਂ ਪਹੁੰਚੀ, ਜਿੱਥੇ ਇਹ ਹਮਲਾ ਕੀਤਾ ਗਿਆ ਸੀ।
Miscreants physically assaulted a member of the family
ਉਹਨਾਂ ਕਿਹਾ ਕਿ ਰੇਸਤਰਾਂ ਵਿਚੋਂ ਫੜੇ ਗਏ ਚਾਰੇ ਬਦਮਾਸ਼ਾਂ ਨੂੰ ਪੀੜਤ ਪਰਿਵਾਰ ਦੇ ਹਿਸਾਰ ਦੇ ਸੈਕਟਰ 16 ਵਿਚਲੇ ਪੁਲਿਸ ਸਟੇਸ਼ਨ ਵਿਚ ਪਹੁੰਚਣ ਤੋਂ ਪਹਿਲਾਂ ਹੀ ਛੱਡ ਦਿੱਤਾ ਗਿਆ। ਉਹਨਾਂ ਕਿਹਾ ਕਿ ਹਿਸਾਰ ਦੀ ਪੁਲਿਸ ਨੇ ਇਸ ਗੱਲ ਦੀ ਪੜਤਾਲ ਕਰਨਾ ਵੀ ਜਰੂਰੀ ਨਹੀਂ ਸਮਝਿਆ ਕਿ ਪੀੜਤ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਹਮਲਾ ਕਰਨ ਵੇਲੇ ਚਾਰੇ ਬਦਮਾਸ਼ ਨਸ਼ੇ ਵਿਚ ਸਨ ਜਾਂ ਨਹੀਂ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਉਲਟਾ ਹੋਰ ਪਰੇਸ਼ਾਨ ਕਰਨ ਲਈ ਹਿਸਾਰ ਪੁਲਿਸ ਨੇ ਉਹਨਾਂ ਨੇ ਤਿੰਨ ਪੁਰਸ਼ ਮੈਂਬਰਾਂ ਖ਼ਿਲਾਫ ਭਾਰਤੀ ਦੰਡ ਧਾਰਾ ਦੀ ਸੈਕਸ਼ਨ 307 ਤਹਿਤ ਕੇਸ ਦਰਜ ਕਰ ਲਿਆ।
Manohar Lal Khattar
ਉਹਨਾਂ ਕਿਹਾ ਕਿ ਪੀੜਤ ਪਰਿਵਾਰ ਖ਼ਿਲਾਫ ਦਰਜ ਕੀਤੇ ਝੂਠੇ ਕੇਸ ਨੂੰ ਤੁਰਤ ਵਾਪਸ ਲਿਆ ਜਾਵੇ ਅਤੇ ਚਾਰੇ ਬਦਮਾਸ਼ਾਂ ਖ਼ਿਲਾਫ ਸੈਕਸ਼ਨ 295 ਏ (ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ) ਅਤੇ ਹੋਰ ਢੁੱਕਵੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ। ਇਸੇ ਦੌਰਾਨ ਅਕਾਲੀ ਦਲ ਦੇ ਕਾਲਾਂਵਾਲੀ ਤੋਂ ਵਿਧਾਇਕ ਬਲਕੌਰ ਸਿੰਘ ਹਿਸਾਰ ਵਿਚ ਪੀੜਤ ਪਰਿਵਾਰ ਕੋਲ ਪੁੱਜੇ ਅਤੇ ਉਹਨਾਂ ਨੂੰ ਪੂਰੀ ਮੱਦਦ ਕਰਨ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਹਿਸਾਰ ਦੀ ਸਿੱਖ ਸੰਗਤ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋ ਗਈ ਅਤੇ ਉਹਨਾਂ ਨੇ ਇਸ ਬੇਇਨਸਾਫੀ ਖ਼ਿਥਲਾਫ ਪ੍ਰਦਰਸ਼ਨ ਕਰਨ ਦਾ ਫੈਸਲਾ ਸੁਣਾਇਆ।
Sukhbir Singh Badal
ਇਸ ਬਾਰੇ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ ਹਨ ਅਤੇ ਉਹਨਾਂ ਨੇ ਹਿਸਾਰ ਦੇ ਸੈਕਟਰ 16 ਪੁਲਿਸ ਸਟੇਸ਼ਨ ਦੇ ਮੁਖੀ ਦੀ ਬਰਤਰਫ਼ੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੀੜਤ ਪਰਿਵਾਰ ਖ਼ਿਲਾਫ ਦਰਜ ਕੀਤਾ ਝੂਠਾ ਕੇਸ ਵੀ ਵਾਪਸ ਲੈਣ ਦੀ ਮੰਗ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਦਿੱਤੇ ਮੰਗ ਪੱਤਰ ਉੱਤੇ ਹਿਸਾਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।