
ਆਰਡੀਨੈਂਸ ਰੱਦ ਕਰਨ ਦਾ ਮਤਾ ਵਿਧਾਨ ਸਭਾ ਵਿਚ ਲਿਆਉਣ ਦੀ ਮੰਗ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ 28 ਅਗੱਸਤ ਨੂੰ ਹੋਣ ਵਾਲੇ ਇਕ ਦਿਨ ਦੇ ਸੈਸ਼ਨ ਵਿਚ ਕੇਂਦਰ ਸਰਕਾਰ ਵਲੋਂ ਪਾਸ ਖੇਤੀ ਬਾਰੇ ਆਰਡੀਨੈਂਸਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਚਰਚਾ ਵਿਚ ਰਹੇਗਾ। ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਮੰਗ ਨੂੰ ਲੈ ਕੇ ਅੱਜ ਵਿਧਾਇਕ ਬੈਂਸ ਭਰਾਵਾਂ ਵਲੋਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਲ ਮਾਰਚ ਕੀਤਾ ਗਿਆ ਪਰ ਭਾਰੀ ਪੁਲਿਸ ਫ਼ੋਰਸ ਨੇ ਪਹਿਲਾਂ ਹੀ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਰਿਹਾਇਸ਼ ਤੋਂ ਪਿਛੇ ਹੀ ਰੋਕ ਲਿਆ।
Simarjit Singh Bains
ਭਾਵੇਂ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਪ੍ਰਧਾਨ ਲੋਕ ਇਨਸਾਫ਼ ਪਾਰਟੀ ਅਤੇ ਬਲਵਿੰਦਰ ਸਿੰਘ ਬੈਂਸ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਤਾਂ ਨਹੀਂ ਮਿਲਿਆ ਪਰ ਉਨ੍ਹਾਂ ਦੇ ਇਕ ਓ.ਐਸ.ਡੀ. ਨੇ ਮੰਗ ਪੱਤਰ ਪ੍ਰਾਪਤ ਕਰ ਕੇ ਭਰੋਸਾ ਦਿਤਾ ਕਿ ਉਹ ਖੇਤੀ ਆਰਡੀਨੈਂਸਾਂ ਬਾਰੇ ਮਤਾ ਰੱਖਣਗੇ ਤਾਂ ਸਰਕਾਰ ਇਸ ਦਾ ਸਮਰਥਨ ਕਰੇਗੀ।
Simarjit Singh Bains
ਇਸ 'ਤੇ ਬੈਂਸ ਭਰਾਵਾਂ ਨੇ ਕਿਹਾ ਕਿ ਉਹ ਇਹ ਮਤਾ ਵਿਧਾਨ ਸਭਾ ਨੂੰ ਭੇਜ ਚੁਕੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੈਂਸ ਭਰਾਵਾਂ ਨੇ ਖੇਤੀ ਆਰਡੀਨੈਂਸਾਂ ਵਿਰੁਧ ਸੂਬੇ ਭਰ ਵਿਚ 5 ਦਿਨ ਯਾਤਰਾ ਕਰਨ ਬਾਅਦ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਸੀ।
Simarjit Singh Bains
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਾਰੀ ਖੇਤੀ ਆਰਡੀਨੈਂਸ ਕਿਸਾਨਾਂ ਲਈ ਹੀ ਨਹੀਂ ਬਲਕਿ ਖੇਤ ਮਜ਼ਦੂਰਾਂ, ਆੜ੍ਹਤੀਆਂ ਤੇ ਪੂਰੇ ਮੰਡੀ ਸਿਸਟਮ ਲਈ ਘਾਤਕ ਹਨ। ਉਨ੍ਹਾਂ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਰਾਜਾਂ ਦੇ ਅਧਿਕਾਰ ਖੋਹਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਮਤਾ ਲਿਆ ਕੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰਨਾ ਚਾਹੀਦਾ ਹੈ।
Simarjit Singh Bains
ਇਸੇ ਦੌਰਾਨ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਮੰਗ ਪੱਤਰ ਪ੍ਰਾਪਤ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਨਾਲ ਭਿੜ ਗਏ। ਜਦੋਂ ਬੈਂਸ ਨੂੰ ਇਸ ਅਧਿਕਾਰੀ ਨੇ ਮਾਸਕ ਨਾ ਪਾਉਣ ਲਈ ਟੋਕਿਆ ਤੇ ਪਾਉਣ ਲਈ ਕਿਹਾ ਤਾਂ ਬੈਂਸ ਨੂੰ ਉਨ੍ਹਾਂ ਵੱਲ ਉਂਗਲ ਚੁਕ ਕੇ ਜਵਾਬ ਦਿੰਦਿਆਂ ਉਲਟਾ ਮੁੱਖ ਮੰਤਰੀ 'ਤੇ ਕਈ ਵਾਰੀ ਮਾਸਕ ਨਾ ਪਹਿਨਣ ਦੇ ਦੋਸ਼ ਲਾ ਦਿਤੇ। ਓ.ਐਸ.ਡੀ. ਨੇ ਬੈਂਸ ਨੂੰ ਕਿਹਾ ਕਿ ਮੇਰੇ ਵੱਲ ਉਂਗਲ ਚੁਕ ਕੇ ਗੱਲ ਨਾ ਕਰੋ। ਬੈਂਸ ਨੇ ਕਿਹਾ ਕਿ ਗੱਲ ਕਰਨਾ ਮੇਰਾ ਅਧਿਕਾਰ ਹੈ ਤੇ ਤੁਸੀਂ ਮੈਨੂੰ ਨਹੀਂ ਸਿਖਾਉਣਾ। ਆਖ਼ਰ ਕੁੱਝ ਦੇਰ ਬਾਅਦ ਦੋਵੇਂ ਸ਼ਾਂਤ ਹੋ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।