
ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਸੁਖਬੀਰ ਬਾਦਲ ਨੇ ਅਕਾਲੀ ਆਗੁੂਆਂ ਸਮੇਤ ਦਿਤੀ ਗਿ੍ਫ਼ਤਾਰੀ
ਐਮ.ਐਸ.ਪੀ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ
ਨਵੀਂ ਦਿੱਲੀ, 17 ਸਤੰਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਸਾਰੀਆਂ ਪ੍ਰਮੁੱਖ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਯਕੀਨੀ ਖ਼ਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਦਿਆਂ ਸੀਨੀਅਰ ਲੀਡਰਸ਼ਿਪ ਨਾਲ ਇਥੇ ਗਿ੍ਫ਼ਤਾਰੀ ਦਿਤੀ | ਬਾਦਲ ਨੇ ਤਿੰਨ ਕਾਲੇ ਕਾਨੂੰਨ ਬਣਾਉਣ ਦਾ ਇਕ ਸਾਲ ਪੂਰਾ ਹੋਣ 'ਤੇ ਇਥੇ ਗੁਰਦਵਾਰਾ ਰਕਾਬ ਗੰਜ ਸਾਹਿਬ ਤੋਂ ਸੰਸਦ ਤਕ ਵਿਸ਼ਾਲ ਰੋਸ ਮਾਰਚ ਦੀ ਅਗਵਾਈ ਕੀਤੀ | ਦਿੱਲੀ ਪੁਲਿਸ ਵਲੋਂ ਲਾਈਆਂ ਅਣਕਿਆਸੀਆਂ ਰੁਕਾਵਟਾਂ ਦੇ ਬਾਵਜੂਦ ਹਜ਼ਾਰਾਂ ਪਾਰਟੀ ਵਰਕਰ ਗੁਰਦਵਾਰਾ ਸਾਹਿਬ ਪਹੁੰਚੇ ਤੇ ਅਰਦਾਸ ਕਰਨ ਉਪਰੰਤ ਸੰਸਦ ਵਲ ਰੋਸ ਮਾਰਚ ਕੀਤਾ | ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸੰਸਦ ਵਲ ਮਾਰਚ ਕਰਦਿਆਂ ਕਾਲਾ ਦਿਵਸ ਮਨਾ ਕੇ ਗਿ੍ਫ਼ਤਾਰੀਆਂ ਦਿਤੀਆਂ | ਪਾਰਟੀ ਨੇ ਕਾਰਜਕਾਰੀ ਮੈਜਿਸਟਰੇਟ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਵੀ ਸੌਂਪਿਆ | ਇਸ ਵਿਚ ਕਾਲੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਇਹ ਵਾਅਦਾ ਕਰਨ ਦੀ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਤ ਕਰਨ ਵਾਲਾ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰੇਗੀ |
ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਤਿੰਨ ਖੇਤੀ ਕਾਨੁੰਨ ਰੱਦ ਹੋਣੇ ਯਕੀਨੀ ਬਣਾਉਣ ਵਾਸਤੇ ਡੱਟ ਕੇ ਲੜਾਈ ਲੜੇਗੀ | ਉਨ੍ਹਾਂ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਇਕ ਵਾਰ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ 'ਤੇ ਇਹ ਕਾਨੂੰਨ ਸੂਬੇ ਵਿਚ ਲਾਗੂ ਨਹੀਂ ਹੋਣ ਦਿਤੇ ਜਾਣਗੇ | ਇਸ ਮੌਕੇ ਪ੍ਰੋ. ਪ੍ਰੇਮ ਸਿੰ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਕੁੱਝ ਵਰਕਰਾਂ ਨੂੰ ਤਾਂ 20 ਕਿਲੋਮੀਟਰ ਤਕ ਤੁਰ ਕੇ ਆਉਣਾ ਪਿਆ | ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਵਾਅਦਾ ਕਰਦੀ ਹੈ ਕਿ 2024 ਵਿਚ ਨਵੀਂ ਸਰਕਾਰ ਬਣਾਉਣ ਮਗਰੋਂ ਤਿੰਨ ਕਾਲੇ ਕਾਨੂੰਨ ਸੰਸਦ ਵਿਚ ਰੱਦ ਕੀਤੇ ਜਾਣਗੇ |
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਐਨ.ਡੀ.ਏ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਇਸ ਨਾਲ ਉਹ ਨਾ ਸਿਰਫ਼ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹਾਰੇਗੀ ਬਲਕਿ 2024 ਦੀਆਂ ਕੌਮ ਚੋਣਾਂ ਵੀ ਹਾਰ ਜਾਵੇਗੀ | ਸ. ਭੂੰਦੜ ਤੇ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਕਿਸਾਨਾਂ ਦੇ ਖਦਸ਼ੇ ਸਰਵਉੱਚ ਪੱਧਰ ਤੱਕ ਪਹੁੰਚ ਕੇ ਤਿੰਨ ਬਿੱਲ ਪਾਸ ਨਾ ਕੀਤੇ ਜਾਣ ਵਾਸਤੇ ਹਰ ਯਤਨ ਕੀਤਾ |ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਬਿੰਦ ਸਿੰਘ ਲੌਂਗੋਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਜਗਮੀਤ ਸਿੰਘ ਬਰਾੜ, ਅਨਿਲ ਜੋਸ਼ੀ ਤੇ ਹਰਮੀਤ ਸਿੰਘ ਕਾਲਕਾ ਆਦਿ ਮੌਜੂਦ ਸਨ |
ਡੱਬੀ