
ਭਾਰਤ ਨੇ ਪੀਐਮ ਮੋਦੀ ਦੇ ਜਨਮ ਦਿਨ 'ਤੇ ਦੋ ਕਰੋੜ ਕੋਵਿਡ ਵਿਰੋਧੀ ਟੀਕੇ ਲਗਾ ਕੇ ਰੀਕਾਰਡ ਕਾਇਮ ਕੀਤਾ
ਚੌਥੀ ਵਾਰ ਇਕ ਦਿਨ 'ਚ ਇਕ ਕਰੋੜ ਤੋਂ ਵੱਧ ਟੀਕੇ ਲਗਾਏ ਗਏ
ਨਵੀਂ ਦਿੱਲੀ, 17 ਸਤੰਬਰ : ਭਾਰਤ ਨੇ ਸ਼ੁਕਰਵਾਰ ਨੂੰ ਇਕ ਦਿਨ ਵਿਚ 2 ਕਰੋੜ ਤੋਂ ਵੱਧ ਕੋਵਿਡ ਵਿਰੋਧੀ ਟੀਕੇ ਲਗਾ ਕੇ ਰੀਕਾਰਡ ਬਣਾਇਆ | ਇਹ ਸਫਲਤਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ 'ਤੇ ਟੀਕਾਕਰਨ ਦੀ ਮੁਹਿੰਮ ਦੁਆਰਾ ਪ੍ਰਾਪਤ ਕੀਤੀ ਗਈ | ਕੋ-ਵਿਨ ਪੋਸਟ 'ਤੇ ਉਪਲਬਧ ਅੰਕੜਿਆਂ ਅਨੁਸਾਰ ਸ਼ਾਮ 5.10 ਵਜੇ ਤਕ ਦੇਸ਼ ਭਰ ਵਿਚ ਟੀਕੇ ਦੀਆਂ ਕੁਲ 2,00,41,136 ਖ਼ੁਰਾਕਾਂ ਦਿਤੀਆਂ ਗਈਆਂ | ਦੇਸ਼ ਵਿਚ ਹੁਣ ਤਕ ਕੁਲ 78.68 ਕਰੋੜ ਟੀਕੇ ਲਗਾਏ ਜਾ ਚੁਕੇ ਹਨ | ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਚੌਥੀ ਵਾਰ, ਇਕ ਦਿਨ 'ਚ ਇਕ ਕਰੋੜ ਤੋਂ ਵੱਧ ਟੀਕੇ ਲਗਾਏ ਗਏ |
ਇਸ ਤੋਂ ਪਹਿਲਾਂ, ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ ਦੇਸ਼ ਨੇ ਹੁਣ ਤਕ ਦੀ ਸੱਭ ਤੋਂ ਤੇਜ਼ੀ ਨਾਲ ਇਕ ਕਰੋੜ (ਐਂਟੀ-ਕੋਵਿਡ ਟੀਕਾ) ਖ਼ੁਰਾਕ ਦੇਣ ਦਾ ਅੰਕੜਾ ਪਾਰ ਕਰ ਲਿਆ ਹੈ | ਉਨ੍ਹਾਂ ਇਕ ਟਵੀਟ ਵਿਚ ਕਿਹਾ, Tਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ 'ਤੇ ਦੇਸ਼ ਨੇ ਦੁਪਹਿਰ 1:30 ਵਜੇ ਤਕ ਸੱਭ ਤੋਂ ਤੇਜ਼ ਇਕ ਕਰੋੜ ਖ਼ੁਰਾਕਾਂ ਦੇਣ ਦਾ ਅੰਕੜਾ ਪਾਰ ਕਰ ਲਿਆ | ਮੰਤਰਾਲੇ ਮੁਤਾਬਕ 6 ਸਤੰਬਰ, 31 ਅਗੱਸਤ, 27 ਅਗੱਸਤ ਨੂੰ ਦੇਸ਼ ਵਿਚ ਇਕ ਕਰੋੜ ਤੋਂ ਵੱਧ ਖ਼ੁਰਾਕਾਂ ਦਿਤੀਆਂ ਗਈਆਂ ਸਨ |
ਮੰਤਰਾਲੇ ਅਨੁਸਾਰ, ਭਾਰਤ ਨੂੰ ਟੀਕਾਕਰਨ ਦੇ 10 ਕਰੋੜ ਦੇ ਅੰਕੜੇ ਤਕ ਪਹੁੰਚਣ ਵਿਚ 85 ਦਿਨ ਲੱਗ ਗਏ | ਇਸ ਤੋਂ ਬਾਅਦ ਦੇਸ਼ ਅਗਲੇ 45 ਦਿਨਾਂ ਵਿਚ 20 ਕਰੋੜ ਅਤੇ 29 ਦਿਨਾਂ ਬਾਅਦ 30 ਕਰੋੜ ਦੇ ਅੰਕੜੇ ਤਕ ਪਹੁੰਚ ਗਿਆ | ਇਸ ਦੇ ਨਾਲ ਹੀ 30 ਕਰੋੜ ਤੋਂ 40 ਕਰੋੜ ਦੇ ਅੰਕੜੇ ਤਕ ਪਹੁੰਚਣ ਵਿਚ 24 ਦਿਨ ਲੱਗ ਗਏ ਅਤੇ 20 ਦਿਨਾਂ ਬਾਅਦ ਇਹ 6 ਅਗੱਸਤ ਨੂੰ 50 ਕਰੋੜ ਦੇ ਅੰਕੜੇ ਤਕ ਪਹੁੰਚ ਗਿਆ | 19 ਦਿਨਾਂ ਬਾਅਦ ਦੇਸ਼ ਨੇ 60 ਕਰੋੜ ਦਾ ਟੀਚਾ ਹਾਸਲ ਕਰ ਲਿਆ ਅਤੇ ਇਸ ਦੇ ਸਿਰਫ਼ 13 ਦਿਨਾਂ ਬਾਅਦ 60 ਕਰੋੜ ਦਾ ਟੀਚਾ ਹਾਸਲ ਕਰ ਲਿਆ ਗਿਆ | ਮੰਤਰਾਲੇ ਅਨੁਸਾਰ, 13 ਸਤੰਬਰ ਨੂੰ ਦੇਸ਼ ਨੇ ਟੀਕਾਕਰਨ ਦੇ 75 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ | (ਏਜੰਸੀ)