
ਛੇ ਮਹੀਨਿਆਂ ਵਿਚ ਹੀ 'ਆਪ' ਨੇ ਪੂਰੇ ਕੀਤੇ ਵੱਡੇ ਚੋਣ ਵਾਅਦੇ : ਮਲਵਿੰਦਰ ਕੰਗ
ਚੰਡੀਗੜ੍ਹ, 17 ਸਤੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਪੰਜਾਬ ਦੀ ਜਨਤਾ ਸਾਹਮਣੇ ਆਪਣੀ ਸਰਕਾਰ ਦੇ ਛੇ ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ | 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ 6 ਮਹੀਨਿਆਂ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਜਨਤਾ ਨੂੰ ਗੁਮਰਾਹ ਕਰ ਕੇ ਟੈਕਸਦਾਤਾਵਾਂ ਦੇ ਪੈਸੇ ਨਾਲ ਅਪਣੇ ਖ਼ਜ਼ਾਨੇ ਭਰਦੀਆਂ ਸਨ, ਉਨ੍ਹਾਂ ਦੇ ਉਲਟ 'ਆਪ' ਸਰਕਾਰ ਨੇ ਪਹਿਲੇ ਦਿਨ ਤੋਂ ਹੀ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਕਰ ਦਿਤਾ ਸੀ |
ਇਸ ਮੌਕੇ ਪਾਰਟੀ ਦੇ ਬੁਲਾਰੇ ਜਗਤਾਰ ਸੰਘੇੜਾ ਅਤੇ ਗੋਵਿੰਦਰ ਮਿੱਤਲ ਵੀ ਮੌਜੂਦ ਰਹੇ | ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਅਪਣੇ ਚੋਣ ਵਾਅਦੇ ਅਨੁਸਾਰ 20,000 ਨੌਕਰੀਆਂ ਦਿਤੀਆਂ ਹਨ ਅਤੇ 9000 ਠੇਕਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ | ਮਾਲਵਾ ਖੇਤਰ ਦੇ ਕਪਾਹ ਦੇ ਕਿਸਾਨਾਂ ਨੂੰ 2020 ਤੋਂ ਬਕਾਇਆ ਪਏ ਮੁਆਵਜ਼ੇ ਨੂੰ ਵੀ ਮਾਨ ਸਰਕਾਰ ਨੇ ਹਰੀ ਝੰਡੀ ਦੇ ਦਿਤੀ ਹੈ | 'ਆਪ' ਸਰਕਾਰ ਕਿਸਾਨ ਪੱਖੀ ਅਤੇ ਲੋਕ ਪੱਖੀ ਸਰਕਾਰ ਹੈ | ਪਹਿਲਾਂ ਕਿਸਾਨਾਂ ਤੋਂ ਲੋਡ ਵਧਾਉਣ ਲਈ 5000 ਰੁਪਏ ਵਸੂਲੇ ਜਾਂਦੇ ਸਨ ਪਰ ਮਾਨ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਲਈ ਇਹ ਰਾਸ਼ੀ ਘਟਾ ਕੇ 2500 ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ | ਸਰਕਾਰ ਪੰਜਾਬੀਆਂ ਨੂੰ 600 ਮੁਫਤ ਬਿਜਲੀ ਯੂਨਿਟ ਦੇ ਰਹੀ ਹੈ ਅਤੇ ਲਗਭਗ 80% ਲੋਕਾਂ ਨੂੰ ਹੁਣ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ | ਕੰਗ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਹਮੇਸ਼ਾ ਘਾਟੇ ਵਿਚ ਹੀ ਰਹੀ, ਕਿਉਂਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਅਹਿਮੀਅਤ ਦਿਤੀ ਜਾਂਦੀ ਸੀ ਅਤੇ ਪੰਜਾਬ ਰੋਡਵੇਜ਼ ਨੂੰ ਅਣਦੇਖਿਆ ਕੀਤਾ ਜਾਂਦਾ ਰਿਹਾ ਹੈ |
ਕੰਗ ਨੇ ਅੱਗੇ ਕਿਹਾ ਕਿ ਆਪ ਸਰਕਾਰ ਨੇ 10000 ਏਕੜ ਤੋਂ ਵੱਧ ਨਜਾਇਜ਼ ਕਬਜੇ ਛੁਡਵਾਏ ਗਏ, 100 ਆਮ ਆਦਮੀ ਕਲੀਨਿਕ ਸਥਾਪਤ ਕੀਤੇ,100 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਗੈਂਗਸਟਰ ਕਲਚਰ ਖਤਮ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਤੇ 4000 ਤੋਂ ਵੱਧ ਤਸਕਰਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ |