
ਪੰਜਾਬ ਯੂਥ ਕਾਂਗਰਸ ਨੇ ਮੋਦੀ ਦੇ ਜਨਮ ਦਿਵਸ ਮੌਕੇ ਪਕੌੜੇ ਵੇਚੇ ਤੇ ਲੋਕਾਂ ਦੀਆਂ ਜੁੱਤੀਆਂ ਪਾਲਿਸ਼ ਕੀਤੀਆਂ
ਚੰਡੀਗੜ੍ਹ, 17 ਸਤੰਬਰ (ਭੁੱਲਰ) : ਅੱਜ ਪੰਜਾਬ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 72ਵਾਂ ਜਨਮਦਿਨ ਡਿਗਰੀਆਂ ਹਾਸਲ ਕਰਨ ਉਪਰੰਤ ਨੌਕਰੀਆਂ ਦੀ ਭਾਲ ਵਿਚ ਬੇਰੁਜ਼ਗਾਰ ਫਿਰ ਰਹੇ ਨੌਜਵਾਨਾਂ ਨਾਲ ਕੇਕ ਕੱਟ ਕੇ ਮਨਾਇਆ | ਇਸ ਮੌਕੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਬੜਾ ਹੀ ਦੁਖਦਾਈ ਹੈ ਕਿ ਸਿਖਿਆ 'ਤੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਵੀ ਅੱਜ ਦੇ ਨੌਜਵਾਨਾਂ ਨੂੰ ਗ਼ੈਰ-ਹੁਨਰਮੰਦ ਮਜ਼ਦੂਰੀ ਕਰਨੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਰੁਜ਼ਗਾਰ ਬਿਊਰੋ ਦੇ ਅੰਕੜਿਆਂ ਤੋਂ ਇਸ ਤੱਥ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਕਿ ਅੱਜ ਬੇਰੁਜ਼ਗਾਰੀ ਦੀ ਦਰ 65 ਸਾਲਾਂ ਨਾਲੋਂ ਸਭ ਤੋਂ ਵਧ ਹੈ | ਢਿੱਲੋਂ ਨੇ ਕਿਹਾ ਕਿ ਮੰਦੀ ਦੇ ਸਮੇਂ ਦੌਰਾਨ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਸਮੇਂ ਵੀ ਬੇਰੁਜ਼ਗਾਰੀ ਦੀ ਦਰ ਇੰਨੀ ਉੱਚੀ ਨਹੀਂ ਗਈ ਸੀ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਬੇਰੁਜ਼ਗਾਰ ਨੌਜਵਾਨ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿਚ ਨੌਕਰੀ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰਨ ਜਾਂ ਅਪਰਾਧ ਕਰਨ ਲਈ ਮਜ਼ਬੂਰ ਹੋ ਚੁੱਕਿਆ ਹੈ, ਇਸ ਲਈ ਅੱਜ ਭਾਰਤ ਮੋਦੀ ਜੀ ਦੇ ਜਨਮ ਦਿਨ ਨੂੰ ਬੇਰੁਜ਼ਗਾਰ ਦਿਵਸ ਵਜੋਂ ਮਨਾ ਰਿਹਾ ਹੈ |
ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਅਪਣੀ ਟੀਮ ਅਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਸਮੇਤ ਚੰਡੀਗੜ੍ਹ ਦੇ ਸੈਕਟਰ 17 ਵਿਚ ਚਾਹ ਤੇ ਪਕੌੜੇ ਵੇਚ ਕੇ ਅਤੇ ਜੁੱਤੀਆਂ ਪਾਲਿਸ਼ ਕਰ ਕੇ ਅਪਣੇ ਰੋਸ ਵੀ ਉਜਾਗਰ ਕੀਤਾ | ਉਨ੍ਹਾਂ ਕਿਹਾ ਕਿ ਬੇਸ਼ੱਕ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ, ਪਰ ਹੁਨਰਮੰਦ ਹੁੰਦੇ ਹੋਏ ਵੀ ਨੌਜਵਾਨਾਂ ਨੂੰ ਗ਼ੈਰ-ਹੁਨਰਮੰਦ ਕੰਮ ਕਰਨਾ ਉਨ੍ਹਾਂ ਨੂੰ ਉਦਾਸੀ ਵੱਲ ਲੈ ਜਾਂਦਾ ਹੈ |
ਢਿੱਲੋਂ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਨਾਲ ਭਾਜਪਾ ਮੋਦੀ ਨੂੰ ਦੇਸ਼ ਦਾ ਸੇਵਕ ਸਿੱਧ ਕਰਨ 'ਚ ਲੱਗੀ ਹੋਈ ਹੈ, ਅਸੀਂ ਲੋਕਾਂ ਨੂੰ ਦਸਣਾ ਚਾਹੁੰਦੇ ਹਾਂ ਕਿ ਮੋਦੀ ਕਿਸ ਤਰ੍ਹਾਂ ਨਾਲ ਦੇਸ਼ ਨੂੰ ਬਰਬਾਦ ਕਰ ਰਹੇ ਹਨ | ਢਿੱਲੋਂ ਨੇ ਕਿਹਾ ਕਿ ਮੋਦੀ ਨੇ ਦੇਸ਼ ਦਾ ਸਾਰਾ ਕਾਰੋਬਾਰ ਅਪਣੇ 2 ਸਾਥੀਆਂ ਦੇ ਹੱਥਾਂ ਵਿਚ ਸੌਂਪ ਦਿਤਾ ਹੈ, ਜਦ ਕਿ ਦੇਸ਼ ਦੇ ਨੌਜਵਾਨਾਂ, ਜਿਨ੍ਹਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਨੂੰ ਨਿਰਾਸ਼ ਕੀਤਾ ਹੈ |