
-ਕਿਹਾ ਕਿ ਪੁਰਾਣੀ ਸੰਸਦੀ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕੀਤੀ ਜਾਵੇ
ਚੰਡੀਗੜ੍ਹ - ਆਗੂ ਤੇ ਬਠਿੰਡਾ ਤੋਂ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ 17ਵੀਂ ਸੰਸਦ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ 1984 ਦੀ ਸਿੱਖ ਨਸਲਕੁਸ਼ੀ ਦੀ ਨਿਖੇਧੀ ਕਰੇ ਤੇ ਉਹਨਾਂ ਨੇ ਪੁਰਾਣੀ ਸੰਸਦੀ ਇਮਰਾਰਤ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜਿਹਨਾਂ ਨੇ ਭਾਰਤ ਵਿਚ ਲੋਕਤੰਤਰ ਦੀ ਨੀਂਹ ਰੱਖੀ ਨੂੰ ਸਮਰਪਿਤ ਕਰਨ ਦੀ ਗੱਲ ਆਖੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਲੋਕ ਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਕੀਤੀ ਜਾਵੇ ਤੇ ਇਸ ਨੂੰ ਪਾਸ ਕਰ ਕੇ ਮਹਿਲਾ ਸਸ਼ਕਤੀਕਰਨ ਵਾਸਤੇ ਕੰਮ ਕੀਤਾ ਜਾਵੇ।
ਸੰਸਦ ਵਿਚ ਭਾਰਤੀ ਪਾਰਲੀਮਾਨੀ ਲੋਕਤੰਤਰ ਦੀ ਮੌਜੂਦਾ ਸਰੂਪ ’ਤੇ ਚਰਚਾ ਵਿਚ ਭਾਗ ਲੈਂਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਵੇਖਿਆ ਹੈ ਕਿ 1984 ਵਿਚ ਕਿਵੇਂ ਘੱਟ ਗਿਣਤੀਆਂ ਤੇ ਧਾਰਮਿਕ ਘੱਟ ਗਿਣਤੀਆਂ ਦਾ ਕਤਲੇਆਮ ਹੋਇਆ। ਉਹਨਾਂ ਦੱਸਿਆ ਕਿ ਕਿਵੇਂ ਕਾਂਗਰਸ ਪਾਰਟੀ ਨੇ ਕੌਮੀ ਰਾਜਧਾਨੀ ਦੇ ਨਾਲ-ਨਾਲ ਦਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾ ਕੇ ਸਮੁੱਚੀ ਸਿੱਖ ਕੌਮ ਨੂੰ ਖਤਮ ਕਰਨ ਦਾ ਯਤਨ ਕੀਤਾ।
ਉਹਨਾਂ ਕਿਹਾ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਟੈਂਕ ਤੇ ਤੋਪਾਂ ਭੇਜੀਆਂ ਤੇ ਉਹਨਾਂ ਨੂੰ ਤਬਾਹ ਕੀਤਾ। ਬੀਬਾ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਵੇਲੇ ਤੱਕ ਸਰਕਾਰ ਵੱਲੋਂ ਕਤਲੇਆਮ ਕਰਵਾਉਣ ਦੀ ਗੱਲ ਕਦੇ ਨਹੀਂ ਸੁਣੀ ਸੀ। ਉਹਨਾਂ ਕਿਹਾ ਕਿ ਜੇਕਰ ਇਸ ਸਰਕਾਰ ਨੇ ਸਿੱਖ ਕੌਮ ਲਈ ਨਿਆਂ ਦੀ ਗੱਲ ਕੀਤੀ ਹੁੰਦੀ ਤਾਂ ਹੋਰ ਤ੍ਰਾਸਦੀਆਂ ਤੋਂ ਬਚਾਅ ਹੋ ਸਕਦਾ ਸੀ ਤੇ ਉਹਨਾਂ ਨੇ ਮਣੀਪੁਰ ਵਿਚ ਵੱਡੀ ਪੱਧਰ ’ਤੇ ਕਤਲੇਆਮ ਤੇ ਔਰਤਾਂ ਨਾਲ ਜਬਰ ਜਨਾਹ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਸੰਸਦ ਦੀ ਪੁਰਾਣੀ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ ਦੀ ਰਾਖੀ ਵਾਸਤੇ ਕੰਮ ਕੀਤਾ ਸੀ। ਸਰਦਾਰਨੀ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਕਸਮੀਰੀ ਹਿੰਦੂ ਭਾਈਚਾਰੇ ਦੀ ਜਬਰੀ ਧਰਮ ਪਰਿਵਰਤਨ ਤੋਂ ਰਾਖੀ ਵਾਸਤੇ ਦਿੱਲੀ ਸ਼ਹਾਦਤ ਨੇ ਮਨੁੱਖੀ ਹੱਕਾਂ ਤੇ ਧਾਰਮਿਕ ਆਜ਼ਾਦੀ ਦਾ ਨੀਂਹ ਪੱਥਰ ਰੱਖਿਆ। ਅਕਾਲੀ ਆਗੂ ਨੇ ਮਹਿਲਾ ਰਾਖਵਾਂਕਰਨ ’ਤੇ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਨੂੰ ਮਹਿਲਾ ਸਸ਼ਕਤੀਕਰਨ ਦੇ ਮਾਮਲੇ ਵਿਚ ਬਿੱਲ ਮੂਲ ਰੂਪ ਵਿਚ ਪਾਸ ਕਰ ਦੇਣਾ ਚਾਹੀਦਾ ਹੈ ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਿਰਭਿਆ, ਮਹਿਲਾ ਪਹਿਲਵਾਨਾਂ ਤੇ ਮਣੀਪੁਰ ਦੀਆਂ ਔਰਤਾਂ ਦੇ ਮਾਮਲੇ ਵਿਚ ਮਹਿਲਾ ਹੱਕਾਂ ਨੂੰ ਕੁਚਲਿਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀਆਂ ਪਾਰਲੀਮਾਨੀ ਚੋਣਾਂ ਵਿਚ ਮਹਿਲਾਵਾਂ ਦੀ ਹਿੱਸੇਦਾਰੀ 67 ਫੀਸਦੀ ਸੀ ਤੇ ਉਹਨਾਂ ਦੀ ਆਵਾਜ਼ ਸੰਸਦ ਵਿਚ ਸੁਣੀ ਜਾਣੀ ਚਾਹੀਦੀ ਹੈ।