
ਕਿਸਾਨਾਂ ਵਲੋਂ ਮੋਦੀ ਦੇ ਪੁਤਲੇ ਫੂਕ ਕੇ ਪ੍ਰਗਟਾਇਆ ਰੋਸ
ਰਾਜਪੁਰਾ 'ਚ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਵਰਚੂਅਲ-ਸੈਮੀਨਾਰ ਕਰਨੋਂ ਰੋਕਿਆ
ਚੰਡੀਗੜ੍ਹ, 17 ਅਕਤੂਬਰ (ਸੁਰਜੀਤ ਸਿੰਘ ਸੱਤੀ) : ਕਿਸਾਨ-ਅੰਦੋਲਨ ਦੇ 17ਵੇਂ ਦਿਨ ਵੀ ਕਿਸਾਨ ਜਥੇਬੰਦੀਆਂ ਨੇ ਰੇਲਵੇ-ਲਾਈਨਾਂ, ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ ਅਤੇ ਭਾਜਪਾ-ਆਗੂਆਂ ਦੇ ਘਰਾਂ ਮੂਹਰੇ ਲਾਏ ਮੋਰਚਿਆਂ ਨੂੰ ਮਘਾਈ ਰਖਿਆ। ਕੇਂਦਰ ਸਰਕਾਰ ਵਲੋਂ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਨੂੰ ਸੱਦਣ ਉਪਰੰਤ ਅਣਗੌਲਿਆਂ ਕਰਨ ਵਿਰੁਧ ਰੋਸ-ਪ੍ਰਗਟਾਉਂਦਿਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਹਜ਼ਾਰਾਂ ਥਾਵਾਂ 'ਤੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਵੱਖ-ਵੱਖ ਥਾਵਾਂ 'ਤੇ ਕਿਸਾਨ-ਜਥੇਬੰਦੀਆਂ ਦੇ ਬੁਲਾਰਿਆਂ ਨੇ ਅਰਥੀ-ਫੂਕ ਮੁਜ਼ਾਹਰਿਆਂ ਦੌਰਾਨ
ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ-ਸਰਕਾਰ ਨੇ ਜਥੇਬੰਦੀਆਂ ਨੂੰ ਦਿੱਲੀ ਬੁਲਾ ਕੇ ਅਣਗੌਲਿਆਂ ਕੀਤਾ, ਇਕ ਪਾਸੇ ਕੇਂਦਰ ਸਰਕਾਰ ਅਪਣੇ ਮੰਤਰੀਆਂ ਨੂੰ ਪੰਜਾਬ ਭੇਜ ਰਹੀ ਹੈ, ਜਦੋਂਕਿ ਦੂਜੇ ਪਾਸੇ ਦਿੱਲੀ ਗਏ ਪੰਜਾਬ ਦੇ ਕਿਸਾਨ ਆਗੂਆਂ ਲਈ ਖੇਤੀਬਾੜੀ ਮੰਤਰੀ ਵੀ ਸਮਾਂ ਨਹੀਂ ਦੇ ਸਕੇ, ਪਰ ਕੇਂਦਰ-ਸਰਕਾਰ ਇਸ ਭੁਲੇਖੇ 'ਚ ਨਾ ਰਹੇ ਕਿ ਐਵੇਂ ਅਣਗੌਲਿਆਂ ਕਰਨ ਨਾਲ ਕਿਸਾਨ-ਸੰਘਰਸ਼ ਮੱਠਾ ਪੈ ਜਾਵੇਗਾ, ਸਗੋਂ ਇਹ ਅੰਦੋਲਨ ਦੇਸ਼ ਭਰ 'ਚ ਮਜ਼ਬੂਤ ਹੁੰਦਿਆਂ ਸਰਕਾਰ ਨੂੰ ਲੋਕ-ਮਾਰੂ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ।
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸਵੇਰੇ ਮਹਿਮਦਪੁਰ-ਜੱਟਾਂ (ਪਟਿਆਲਾ) ਤੋਂ ਭਾਰਤੀ ਕਿਸਾਨ ਯੂਨੀਅਨ-ਸਿੱਧੂਪੁਰ ਦੇ ਸੀਨੀਅਰ ਆਗੂ ਹਰਬੰਸ ਸਿੰਘ ਪੁੱਤਰ ਸੰਪੂਰਨ ਸਿੰਘ ਮਹਿਮਦਪੁਰ ਜੱਟਾਂ ਵਿਖੇ ਮੋਦੀ-ਸਰਕਾਰ ਦਾ ਪੁਤਲਾ ਸਾੜਨ ਲਈ ਹੋਏ ਮੁਜ਼ਾਹਰੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਲਗਾਤਾਰ ਪਿਛਲੇ ਚਾਲੀ ਸਾਲਾਂ ਤੋਂ ਵੱਖ ਵੱਖ ਅਹੁਦਿਆਂ 'ਤੇ ਕੰਮ ਕਰਦੇ ਹੋਏ ਜਥੇਬੰਦੀ ਦੇ ਆਗੂ ਰਹੇ ਸਨ। ਕਿਸਾਨ ਜਥੇਬੰਦੀਆਂ ਨੇ ਕਿਸਾਨ-ਆਗੂ ਨੂੰ ਕਿਸਾਨ-ਲਹਿਰ ਦਾ ਸ਼ਹੀਦ ਕਰਾਰ ਦਿਤਾ।
ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਰਾਜਪੁਰਾ ਵਿਖੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ 'ਚ ਵਰਚੂਅਲ-ਸੈਮੀਨਾਰ ਕੀਤਾ ਜਾਣਾ ਸੀ, ਪਰ ਕਿਸਾਨ-ਆਗੂਆਂ ਵਲੋਂ ਸਖ਼ਤ ਵਿਰੋਧ ਕਾਰਨ ਰੱਦ ਕਰਵਾਇਆ ਗਿਆ।
ਮਾਨਸਾ ਰੇਲਵੇ ਸਟੇਸ਼ਨ 'ਤੇ ਲੱਗੇ ਕਿਸਾਨ-ਮੋਰਚੇ 'ਚ ਪਿੰਡ ਗੁੜੱਦੀ ਦੇ ਕਿਸਾਨ ਜਗਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ, ਮ੍ਰਿਤਕ ਕਿਸਾਨ ਪਿਛਲੇ 17 ਦਿਨਾਂ ਤੋਂ ਲਗਾਤਾਰ ਧਰਨੇ 'ਚ ਆ ਰਿਹਾ ਸੀ। ਅਚਾਨਕ ਸਿਹਤ ਵਿਗੜਨ ਕਾਰਨ ਉਸਨੂੰ ਸਿਵਲ ਹਸਪਤਾਲ, ਮਾਨਸਾ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਜਗਰਾਜ ਸਿੰਘ ਨੂੰ ਕਿਸਾਨ-ਲਹਿਰ ਦਾ ਸ਼ਹੀਦ ਕਰਾਰ ਦਿਤਾ।
ਫ਼ੋਟੋ : ਪਟਿਆਲਾ-ਕਿਸਾਨ
ਮਾਨਸਾ-ਕਿਸਾਨ