
ਕਿਸਾਨਾਂ ਨੇ ਪਰਾਲੀ ਦੇ ਧੂੰਏਂ ਦਾ ਮਾੜਾ ਪ੍ਰਭਾਵ ਦਸਣ ਆਏ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਘੇਰੇ
ਸੁਨਾਮ ਊਧਮ ਸਿੰਘ ਵਾਲਾ, 17 ਅਕਤੂਬਰ (ਦਰਸ਼ਨ ਸਿੰਘ ਚੌਹਾਨ): ਪਿੰਡ ਨਮੋਲ ਵਿਖੇ ਪਰਾਲੀ ਦੇ ਧੂੰਏ ਦੇ ਮਾੜੇ ਪ੍ਰਭਾਵ ਦਸਣ ਆਏ ਪ੍ਰਸ਼ਾਸਨਕ ਅਧਿਕਾਰੀਆਂ ਦਾ ਕਿਸਾਨਾਂ ਵਲੋਂ ਘਿਰਾਉ ਕੀਤਾ ਗਿਆ। ਕਿਸਾਨਾਂ ਵਲੋਂ ਕਰੀਬ ਦੋ ਘੰਟੇ ਤਕ ਤਹਿਸੀਲਦਾਰ ਸੁਨਾਮ, ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਨੂੰ ਘੇਰੀ ਰਖਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਜਗਸੀਰ ਨਮੋਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਹੈਪੀ ਸਿੰਘ ਅਤੇ ਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਖੜਨ ਦਾ ਢੌਂਗ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਜਾਗਰੂਕਤਾ ਦੇ ਬਹਾਨੇ ਸੂਬਾ ਸਰਕਾਰ ਦੇ ਅਧਿਕਾਰੀ ਕਿਸਾਨਾਂ ਨੂੰ ਸਮਝਾਉਣ ਦੇ ਬਹਾਨੇ ਧਮਕਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਸੂਬਾ ਸਰਕਾਰ ਦੀਆਂ ਦੋਗਲੀਆਂ ਅਤੇ ਚਲਾਕੀ ਭਰਪੂਰ ਨੀਤੀਆਂ ਨੂੰ ਨਹੀਂ ਚੱਲਣ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੇ ਅਧਿਕਾਰੀ ਜਾਗਰੂਕਤਾ ਦੇ ਬਹਾਨੇ ਕਿਸਾਨਾਂ ਨੂੰ ਧਮਕੁÀਣ ਲਈ ਪਿੰਡਾਂ ਵਿਚ ਆਉਂਦੇ ਹਨ ਤਾਂ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅੱਜ ਪ੍ਰਦੂਸ਼ਣ ਦਾ ਬਹਾਨਾ ਲਗਾ ਕੇ ਸਰਕਾਰ ਕਿਸਾਨਾਂ ਦੇ ਗਲਗੂਠਾ ਦੇ ਰਹੀ ਹੈ, ਜਦੋਂ ਕਿ ਕਿਸਾਨ ਪਹਿਲਾਂ ਹੀ ਖੇਤੀ ਸੰਕਟ ਵਿਚ ਫਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਖੇਤ ਵਿਚ ਹੀ ਖਪਤ ਕਰਨ ਲਈ ਗ਼ਰੀਬ ਕਿਸਾਨ ਮਹਿੰਗੇ ਭਾਅ ਦੀ ਮਸ਼ੀਨਰੀ ਖ਼ਰੀਦਣ ਤੋਂ ਅਸਮਰਥ ਹਨ। ਉਧਰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਨੇ ਵੀ ਕਿਸਾਨਾਂ ਦੇ ਇਸ ਫ਼ੈਸਲੇ ਦੀ ਹਮਾਇਤ ਕੀਤੀ ਹੈ। ਇਸ ਮੌਕੇ ਸਰਬਜੀਤ ਸਿੰਘ, ਰਾਮ ਸਿੰਘ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣ ਹੈ ਤਹਿਸੀਲਦਾਰ ਕੁਲਦੀਪ ਸਿੰਘ ਦਾ
ਜਦੋਂ ਸੁਨਾਮ ਦੇ ਤਹਿਸੀਲਦਾਰ ਕੁਲਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਪੰਚ ਅਤੇ ਨੰਬਰਦਾਰ ਵਲੋਂ ਪਰਾਲੀ ਨਾ ਸਾੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬੁਲਾਇਆ ਗਿਆ ਸੀ। ਪਰ ਲੋਕਾਂ ਵਲੋਂ ਇਸ ਨੂੰ ਗ਼ਲਤ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਲੋਕਾਂ ਨੇ ਵਲੋਂ ਅਧਿਕਾਰੀਆਂ ਦਾ ਵਿਰੋਧ ਕੀਤਾ ਗਿਆ ਪਰ ਉਹ ਫਿਰ ਵੀ ਅਪੀਲ ਕਰਦੇ ਹਨ ਕਿ ਪਰਾਲੀ ਨੂੰ ਬਿਨਾਂ ਸਾੜੇ ਹੀ ਕਣਕ ਦੀ ਬਿਜਾਈ ਕੀਤੀ ਜਾਵੇ।
ਫੋਟੋ ਨੰ: 17 ਐਸਐਨਜੀ 35image