
ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਅਹਿਮ ਮੀਟਿੰਗ ਹੋਈ
ਚੰਡੀਗੜ੍ਹ, 17 ਅਕਤੂਬਰ (ਭੁੱਲਰ): ਅੱਜ ਦੇਰ ਸ਼ਾਮ ਗਿਲੇ ਸ਼ਿਕਵਿਆਂ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਇਥੋਂ ਦੇ ਰਾਜ ਭਵਨ ਦੇ ਗੈਸਟ ਹਾਊਸ 'ਚ ਹੋਈ | ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਵੀ ਮੌਜੂਦ ਰਹੇ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੀਟਿੰਗ ਹਾਈ ਕਮਾਨ ਦੇ ਕਹਿਣ 'ਤੇ ਹੀ ਕੀਤੀ ਗਈ ਜਿਸ ਵਿਚ ਸੰਗਠਨ ਦੀ ਮਜ਼ਬੂਤੀ ਅਤੇ ਸਰਕਾਰ ਵਲੋਂ ਭਵਿੱਖ ਦੀਆਂ ਯੋਜਨਾਵਾਂ ਉਲੀਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ | 18 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਬਾਰੇ ਵੀ ਇਸ ਮੀਟਿੰਗ ਵਿਚ ਚਰਚਾ ਹੋਣ ਦੀ ਸੰਭਾਵਨਾ ਹੈ | ਭਾਵੇਂ ਖ਼ਬਰ ਲਿਖੇ ਜਾਣ ਤਕ ਮੀਟਿੰਗ ਜਾਰੀ ਸੀ ਪਰ ਸੂਤਰ ਦਸਦੇ ਹਨ ਕਿ ਇਸ ਮੀਟਿੰਗ ਨਾਲ ਚੰਨੀ ਅਤੇ ਸਿੱਧੂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸਿੱਧੂ ਨੇ ਅੱਜ ਸਵੇਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ 18 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਦੀ ਮੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੀ ਅੱਜ ਦੀ ਇਸ ਮੀਟਿੰਗ ਦਾ ਏਜੰਡਾ ਤਿਆਰ ਹੋਇਆ | ਹੋ ਸਕਦਾ ਹੈ ਕਿ ਇਸ ਮੀਟਿੰਗ ਵਿਚ 18 ਨੁਕਾਤੀ ਪ੍ਰੋਗਰਾਮ 'ਚੋਂ ਕੁੱਝ ਏਜੰਡੇ ਲਾਗੂ ਕਰਵਾਉਣ ਬਾਰੇ ਗੱਲਬਾਤ ਹੋਵੇ |