
ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਅਪਣੀ ਸਰਕਾਰ ਵੇਲੇ ਦਿਵਾਈਆਂ ਸਨ ਧਮਕੀਆਂ : ਮੁਹੰਮਦ ਮੁਸਤਫ਼ਾ
ਕਿਹਾ, ਰਾਣਾ ਸੋਢੀ, ਉਸ ਦੇ ਬੇਟੇ ਤੇ ਕੈਪਟਨ ਸੰਧੂ ਰਾਹੀਂ ਮਿਲੀਆਂ ਸਨ ਪੁੱਠਾ ਟੰਗਣ ਤੇ ਸੜਕਾਂ 'ਤੇ ਘੜੀਸਣ ਦੀਆਂ ਧਮਕੀਆਂ
ਚੰਡੀਗੜ੍ਹ, 17 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਅੱਜ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਮੋਰਚਾ ਖੋਲ੍ਹਦਿਆਂ ਉਨ੍ਹਾਂ ਉਪਰ ਅਪਣੀ ਸਰਕਾਰ ਸਮੇਂ ਧਮਕੀਆਂ ਦਿਵਾਉਣ ਦੇ ਗੰਭੀਰ ਦੋਸ਼ ਲਾਏ ਹਨ |
ਮੁਹੰਮਦ ਮੁਸਤਫ਼ਾ ਨੇ ਤਰੀਕਵਾਰ ਮਿਲੀਆਂ ਧਮਕੀਆਂ ਬਾਰੇ ਕੀਤੇ ਟਵੀਟ ਵਿਚ ਦਾਅਵਾ ਕਰਦਿਆਂ ਕਿਹਾ ਕਿ 19 ਮਾਰਚ 2021 ਨੂੰ ਕੈਪਟਨ ਦੇ ਬਹੁਤ ਹੀ ਕਰੀਬੀ ਰਾਣਾ ਗੁਰਮੀਤ ਸੋਢੀ ਰਾਹੀਂ ਮੇਰੀ ਪਤਨੀ ਰਜ਼ੀਆ ਨੂੰ ਕਿਹਾ ਗਿਆ ਕਿ ਮੁਸਤਫ਼ਾ ਨੂੰ ਕਹੋ ਕਿ ਉਹ ਵਿਰੋਧ ਕਰਨਾ ਬੰਦ ਕਰੇ ਨਹੀਂ ਤਾਂ ਇਸ ਦੇ ਬਹੁਤ ਹੀ ਗੰਭੀਰ ਅਤੇ ਨਾ ਭੁੱਲਣ ਵਾਲੇ ਨਤੀਜੇ ਹੋਣਗੇ | 19 ਮਾਰਚ 2021 ਨੂੰ ਕੈਪਟਨ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਰਾਹੀਂ ਇਕ ਹੋਰ ਧਮਕੀ ਮਿਲੀ ਕਿ ਜੇ ਮੈਂ ਸਿੱਧੂ, ਪ੍ਰਗਟ ਤੇ ਉਨ੍ਹਾਂ ਦੀ ਜੁੰਡਲੀ ਜਿਹੜੀ ਪਾਰਟੀ ਲੀਡਰਸ਼ਿਪ ਅੱਗੇ ਮੇਰਾ ਸਿਆਸੀ ਵਿਰੋਧ ਕਰ ਰਹੀ ਹੈ, ਦਾ ਸਾਥ ਨਾ ਛਡਿਆ ਤਾਂ ਸੜਕਾਂ 'ਤੇ ਘੜੀਸਾਂਗੇ | 11 ਅਗੱਸਤ 2021 ਨੂੰ ਜਦੋਂ ਮੈਂ ਇਕ ਅੰਗਰੇਜ਼ੀ ਅਖ਼ਬਾਰ ਵਿਚ ਬਿਆਨ ਦਿਤਾ ਕਿ ਮੈਂ ਨਵਜੋਤ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦਾ ਹਾਂ ਤਾਂ ਉਸੇ ਦਿਨ ਰਾਣਾ ਸੋਢੀ ਦੇ ਬੇਟੇ ਅਨੁਮੀਤ ਸੋਢੀ ਰਾਹੀਂ ਇਕ ਹੋਰ ਧਮਕੀ ਮਿਲੀ | ਮੈਨੂੰ ਮੁੜ ਨਵਜੋਤ ਸਿੱਧੂ ਦੇ ਹੱਕ ਵਿਚ ਬੋਲਣ ਦੀ ਸੂਰਤ ਵਿਚ ਪੁੱਠਾ ਟੰਗਣ ਦੀ ਧਮਕੀ ਦਿਤੀ ਗਈ | ਮੁਸਤਫ਼ਾ ਨੇ ਕਿਹਾ ਕਿ ਕਾਇਰਤਾ ਤੇ ਡਰ ਮੇਰੇ ਖ਼ੂਨ ਵਿਚ ਨਹੀਂ ਹੈ ਅਤੇ ਮੈਂ ਹਮੇਸ਼ਾ ਇਨ੍ਹਾਂ ਧਮਕੀਆਂ ਦੇ ਲਿਖਤੀ ਜਵਾਬ ਬੜੇ ਬੇਖ਼ੌਫ਼ ਹੋ ਕੇ ਭੇਜੇ |
ਮੁਸਤਫ਼ਾ ਨੇ ਕਿਹਾ,''ਮੈਂ ਮਹਾਰਾਣੀ ਪ੍ਰਨੀਤ ਕੌਰ ਦਾ ਬਹੁਤ ਸਤਿਕਾਰ ਕਰਦਾ ਹਾਂ, ਜਿਸ ਕਰ ਕੇ ਮੈਂ ਕਈ ਵਾਰ ਖਾਮੋਸ਼ ਹੋ ਜਾਂਦਾ ਹਾਂ ਅਤੇ ਮੇਰੀ ਪਤਨੀ ਵੀ ਕਈ ਵਾਰ ਮੈਨੂੰ ਅਜਿਹੇ ਜਵਾਬ ਦੇਣ ਤੋਂ ਰੋਕਦੀ ਹੈ |''