
18 ਨੁਕਾਤੀ ਏਜੰਡੇ 'ਚੋਂ 13 ਮਾਮਲੇ ਪਹਿਲ ਦੇ ਆਧਾਰ ਉਤੇ ਹੱਲ ਕਰਨ 'ਤੇ ਦਿਤਾ ਜ਼ੋਰ
ਚੰਡੀਗੜ੍ਹ, 17 ਅਕਤੂਬਰ (ਗੁਰਉਪਦੇਸ਼ ਭੁੱਲਰ): ਕਾਂਗਰਸ ਹਾਈਕਮਾਨ ਦੀ ਕੋਸ਼ਿਸ਼ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਵੀ ਸਹੀ ਤਾਲਮੇਲ ਹੁੰਦਾ ਦਿਖਾਈ ਨਹੀਂ ਦੇ ਰਿਹਾ | ਰਾਹੁਲ ਗਾਂਧੀ ਅਤੇ ਪਾਰਟੀ ਹਾਈਕਮਾਨ ਦੇ ਨੇਤਾਵਾਂ ਨਾਲ ਨਵੀਂ ਦਿੱਲੀ ਵਿਚ ਮੀਟਿੰਗ ਕਰ ਕੇ ਅਸਤੀਫ਼ਾ ਵਾਪਸ ਲੈਣ ਦੀ ਗੱਲ ਕਹਿ ਕੇ ਵਾਪਸ ਪਰਤੇ ਸਿੱਧੂ ਨੇ ਫਿਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖ ਦਿਤੀ ਹੈ | ਇਸ ਵਿਚ 18 ਸੂਤਰੀ ਏਜੰਡੇ ਵਿਚੋਂ 13 ਨੂੰ ਪਹਿਲ ਦੇ ਆਧਾਰ 'ਤੇ ਪੰਜਾਬ ਸਰਕਾਰ ਤੋਂ ਹੱਲ ਕਰਵਾਉਣ 'ਤੇ ਜ਼ੋਰ ਦਿਤਾ ਗਿਆ |
ਇਸ ਨਾਲ ਹੀ ਇਨ੍ਹਾਂ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਲਈ ਸੋਨੀਆ ਗਾਂਧੀ ਤੋਂ ਮੀਟਿੰਗ ਦਾ ਸਮਾਂ ਵੀ ਮੰਗਿਆ ਹੈ |
13 ਨੁਕਤਿਆਂ ਵਿਚ ਸਿੱਧੂ ਨੇ ਬੇਅਦਬੀਆਂ ਦੇ ਇਨਸਾਫ਼, ਨਸ਼ਿਆਂ, ਵੱਖ ਵੱਖ ਤਰ੍ਹਾਂ ਦੇ ਮਾਫ਼ੀਆ, ਬੇਰੁਜ਼ਗਾਰੀ ਤੇ ਗ਼ਰੀਬ ਤੇ ਪਿਛੜੇ ਵਰਗ ਦੇ ਭਲਾਈ ਨਾਲ ਜੁੜੇ ਮਾਮਲਿਆਂ ਤੋਂ ਇਲਾਵਾ ਬਿਜਲੀ ਸਮਝੌਤਿਆਂ ਦਾ ਮੁੱਦਾ ਵੀ ਅੱਗੇ ਰਖਿਆ ਹੈ | ਸੋਨੀਆ ਦੇ ਨਾਂ ਲਿਖੀ ਚਿੱਠੀ ਵਿਚ ਸਿੱਧੂ ਨੇ ਲਿਖਿਆ ਹੈ ਕਿ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋ ਤਿਹਾਈ ਬਹੁਮਤ ਹਾਸਲ ਕੀਤਾ ਸੀ | ਉਹ ਖ਼ੁਦ 55 ਵਿਧਾਨ ਸਭਾ ਸੀਟਾਂ ਉਪਰ ਚੋਣ ਪ੍ਰਚਾਰ ਲਈ ਗਏ ਸਨ | ਇਨ੍ਹਾਂ ਵਿਚੋਂ 53 'ਤੇ ਕਾਂਗਰਸ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਸੀ | ਉਨ੍ਹਾਂ ਸੋਨੀਆ ਗਾਂਧੀ ਨੂੰ ਸੰਬੋਧਨ ਹੁੰਦਿਆਂ ਲਿਖਿਆ ਕਿ ਕਾਂਗਰਸ ਦੀ ਮੁੜ ਜਿੱਤ ਦਾ ਇਹ ਮੌਕਾ ਹੈ | ਆਪ ਨੇ ਪੰਜਾਬ ਦੇ ਮੁੱਦਿਆਂ ਨੂੰ ਦਿਲੋਂ ਸਮਝਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਏਜੰਡੇ ਨੂੰ ਪੂਰਾ ਕਰਨ ਦਾ ਕੰਮ ਦਿਤਾ ਸੀ | ਇਹ ਮੱੁਦੇ ਪੂਰੀ ਤਰ੍ਹਾਂ ਪ੍ਰਸੰਗਕ ਤੇ ਕਾਂਗਰਸ ਦੇ ਚੋਣ ਵਾਅਦਿਆਂ ਵਿਚੋਂ ਹੀ ਹਨ ਜਿਨ੍ਹਾਂ ਨੂੰ ਪੂਰਾ ਕੀਤਾ ਜਾਣਾ ਜ਼ਰੂਰੀ ਹੈ |
ਸੋਨੀਆ ਨੂੰ ਕਿਹਾ ਕਿ ਪੰਜਾਬ ਭਰ ਦੇ ਪਾਰਟੀ ਵਰਕਰਾਂ ਨਾਲ ਡੂੰਘੇ ਵਿਚਾਰ ਵਟਾਂਦਰੇ ਬਾਅਦ ਅਤੇ 17 ਸਾਲ ਦੇ ਅਪਣੇ ਜਨਤਕ ਜੀਵਨ ਵਿਚ ਲੋਕਾਂ ਨਾਲ ਜੁੜ ਕੇ ਹੋਏ ਅਨੁਭਵਾ ਸਦਕਾ ਹੀ ਪੰਜਾਬ ਦੇ ਦਰਦ ਨਾਲ ਭਿੱਜੀ ਅਪਣੀ ਰੂਹ ਦੀ ਆਵਾਜ਼ ਨਾਲ ਕਹਿ ਰਿਹਾ ਹਾਂ ਕਿ ਪੰਜਾਬ ਦੇ ਪੁਨਰ ਉਥਾਨ ਤੇ ਹੋ ਚੁੱਕੇ ਨਿਘਾਰ ਤੋਂ ਮੁਕਤੀ ਲਈ ਇਹ ਆਖ਼ਰੀ ਮੌਕਾ ਹੈ | ਦਹਾਕਿਆਂ ਤੋਂ ਪੰਜਾਬ ਦੇਸ਼ ਦਾ ਸੱਭ ਤੋਂ ਅਮੀਰ ਸੂਬਾ ਰਿਹਾ ਪਰ ਇਸ ਸਮੇਂ ਭਾਰਤ ਦਾ ਸੱਭ ਤੋਂ ਕਰਜ਼ਾਈ ਸੂਬਾ ਬਣ ਚੁੱਕਾ ਹੈ | ਪਿਛਲੇ 25 ਸਾਲਾਂ ਵਿਚ ਬੇਹੱਦ ਮਾੜੇ ਵਿੱਤੀ ਪ੍ਰਬੰਧ ਕਾਰਨ ਅਜਿਹੀ ਸਥਿਤੀ ਬਣੀ ਹੈ | ਕੇਂਦਰ ਭਾਜਪਾ ਦੇ 7 ਸਾਲ ਦੇ ਰਾਜ ਦੌਰਾਨ ਜੀ.ਐਸ.ਟੀ.ਦੀ ਅਦਾਇਗੀ, ਪੇਂਡੂ ਵਿਕਾਸ ਫ਼ੰਡ ਦੇ ਭੁਗਤਾਨ, ਐਸ.ਸੀ. ਬੱਚਿਆਂ ਦੇ ਵਜ਼ੀਫ਼ੇ ਦੀ ਰਾਸ਼ੀ ਅਤੇ ਹੋਰ ਵਿੱਤੀ ਬਕਾਇਆ ਵਿਚ ਵਿਤਕਰੇ ਕਾਰਨ ਸੂਬੇ ਦੀ ਆਰਥਕ ਮੰਦਹਾਲੀ ਹੋਰ ਵਧੀ ਹੈ |