
ਕਿਸਾਨ ਰੇਲ ਗੱਡੀਆਂ ਰੋਕਣ ਦੇ ਬਾਵਜੂਦ ਅੱਜ ਸ਼ਾਮ ਤੱਕ ਰੇਲ ਟਰੈਕਾਂ ’ਤੇ ਬੇਠੇ ਰਹਿਣਗੇ
ਫਿਰੋਜ਼ਪੁਰ (ਮਲਕੀਅਤ ਸਿੰਘ) - ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ 3 ਅਕਤੂਬਰ ਨੂੰ ਕਿਸਾਨਾਂ ਦੇ ਕਤਲੇਆਮ ਦੇ ਤੁਰੰਤ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਇਸ ਕਤਲੇਆਮ ਦੀ ਘਟਨਾ ’ਚ ਇਨਸਾਫ਼ ਪ੍ਰਾਪਤ ਕਰਨ ਲਈ ਕਈ ਕਾਰਵਾਈਆਂ ਦਾ ਐਲਾਨ ਕੀਤਾ ਸੀ। ਸ਼ੁਰੂ ਤੋਂ ਹੀ ਸੰਯੁਕਤ ਕਿਸਾਨ ਮੋਰਚਾ ਮੋਦੀ ਸਰਕਾਰ ’ਚ ਮੰਤਰੀ ਮੰਡਲ ਤੋਂ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਾ ਰਿਹਾ ਹੈ। ਇਸ ਮੰਗ ਨੂੰ ਲੈ ਕੇ ਅੱਜ ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰੇ ਦੇਸ਼ 'ਚ ਰੇਲ ਰੋਕੋ ਅੰਦੋਲਨ ਕਰਨ ਦਾ ਫੈਸਲਾ ਕੀਤਾ ਹੈ।
Rail Roko Protest
ਇਸ ਦੌਰਾਨ ਕਿਸਾਨ ਸਵੇਰ ਤੋਂ ਹੀ ਇਸ ਨੂੰ ਲੈ ਕੇ ਤਿਆਰੀਆਂ ਕਰ ਰਹੇ ਹਨ ਤੇ ਉਹਨਾਂ ਵੱਖ-ਵੱਖ ਥਾਵਾਂ 'ਤੇ ਰੇਲਾਂ ਰੋਕ ਵੀ ਲਈਆਂ ਹਨ ਤੇ ਰੇਲ ਪਟੜੀਆਂ ਜਾਮ ਕਰ ਦਿੱਤੀਆਂ ਹਨ। ਇਸੇ ਦੇ ਨਾਲ ਹੀ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਕੋਲ ਬਸਤੀ ਭੱਟੀਆ ਵਾਲੀ ਦੇ ਰੇਲਵੇ ਫਾਟਕ ’ਤੇ ਕਿਸਾਨਾਂ ਨੇ ਹਨੂਮਾਨਗੜ੍ਹ ਵੱਲ ਜਾ ਰਹੀ ਰੇਲ ਗੱਡੀ ਨੂੰ ਰੋਕ ਲਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
Rail Roko Protest
ਇਸ ਮੌਕੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੇ ਕੀਤੇ ਐਲਾਨ ਨੂੰ ਦੇਖਦੇ ਹੋਏ ਸਰਕਾਰ ਅਤੇ ਰੇਲ ਵਿਭਾਗ ਨੇ ਪਹਿਲਾਂ ਹੀ ਗੱਡੀਆਂ ਰੇਲ ਸਟੇਸ਼ਨਾਂ ’ਤੇ ਖੜੀਆਂ ਕਰ ਦਿੱਤੀਆਂ ਹਨ ਅਤੇ ਕਿਸਾਨਾਂ ਨੂੰ ਗੱਡੀਆਂ ਰੋਕਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਅੱਜ ਸਵੇਰੇ 3 ਵਜੇ ਤੋਂ ਹੀ ਰੇਲ ਟ੍ਰੈਕਾਂ ’ਤੇ ਪਹੁੰਚ ਗਏ ਸਨ।
Rail Roko Protest
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਰੇਲ ਗੱਡੀਆਂ ਰੋਕਣ ਦੇ ਬਾਵਜੂਦ ਅੱਜ ਸ਼ਾਮ ਤੱਕ ਰੇਲ ਟਰੈਕਾਂ ’ਤੇ ਬੇਠੇ ਰਹਿਣਗੇ ਅਤੇ ਰੇਲਵੇ ਲਾਈਨਾਂ ਪੂਰੀ ਤਰ੍ਹਾਂ ਜਾਮ ਰੱਖਣਗੇ। ਕਿਸਾਨਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ ਅਤੇ ਲਖੀਮਪੁਰ ਕਤਲਕਾਂਡ ਵਿਚ ਕੇਂਦਰੀ ਰਾਜ ਮੰਤਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ।