
ਅੱਜ ਦੇਸ਼ ਭਰ 'ਚ 6 ਘੰਟੇ ਲਈ ਰੋਕੀਆਂ ਜਾਣਗੀਆਂ ਰੇਲਾਂ
ਨਵੀਂ ਦਿੱਲੀ, 17 ਅਕਤੂਬਰ (ਸੁਖਰਾਜ ਸਿੰਘ) : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ 3 ਅਕਤੂਬਰ ਨੂੰ ਕਿਸਾਨਾਂ ਦੇ ਕਤਲੇਆਮ ਦੇ ਤੁਰਤ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਇਸ ਕਤਲੇਆਮ ਦੀ ਘਟਨਾ 'ਚ ਇਨਸਾਫ਼ ਪ੍ਰਾਪਤ ਕਰਨ ਲਈ ਕਈ ਕਾਰਵਾਈਆਂ ਦਾ ਐਲਾਨ ਕੀਤਾ ਸੀ | ਸ਼ੁਰੂ ਤੋਂ ਹੀ ਐਸਕੇਐਮ ਮੋਦੀ ਸਰਕਾਰ 'ਚ ਮੰਤਰੀ ਮੰਡਲ ਤੋਂ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਾ ਰਿਹਾ ਹੈ | ਇਹ ਸਪੱਸ਼ਟ ਹੈ ਕਿ ਅਜੈ ਮਿਸ਼ਰਾ ਦੇ ਕੇਂਦਰ ਸਰਕਾਰ 'ਚ ਗ੍ਰਹਿ ਰਾਜ ਮੰਤਰੀ ਹੋਣ ਦੇ ਨਾਲ ਇਸ ਮਾਮਲੇ 'ਚ ਨਿਆਂ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ |
ਇਥੇ ਹੀ ਬੱਸ ਨਹੀਂ ਉਨ੍ਹਾਂ ਦਾ ਪੁੱਤਰ ਆਸ਼ੀਸ਼ ਮਿਸ਼ਰਾ ਲਖੀਮਪੁਰ ਖੇੜੀ ਕਤਲੇਆਮ ਦਾ ਮੁੱਖ ਦੋਸ਼ੀ ਹੈ | ਇਹ ਤਥ ਹੈ ਕਿ ਅਜੈ ਮਿਸ਼ਰਾ ਟੇਨੀ ਨੇ ਕਿਸੇ ਵੀ ਰੈਗੂਲਰ ਰੋਡੀ ਸ਼ੀਟਰ ਦੀ ਤਰ੍ਹਾਂ ਇਕ ਜਨ ਸਭਾ ਤੋਂ ਕਿਸਾਨਾਂ ਨੂੰ ਧਮਕੀਆਂ ਦੇਣ ਤੋਂ ਸੰਕੋਚ ਨਹੀਂ ਕੀਤਾ | ਉਸ ਨੇ ਅਪਣੇ ਭਾਸ਼ਣਾਂ 'ਚ ਹਿੰਦੂਆਂ ਤੇ ਸਿੱਖਾਂ ਵਿਚ ਨਫ਼ਰਤ, ਦੁਸ਼ਮਣੀ ਅਤੇ ਫ਼ਿਰਕੂ ਵਿਤਕਰੇ ਨੂੰ ਉਤਸ਼ਾਹਤ ਕੀਤਾ | ਉਸ ਨੇ ਅਪਣੇ ਬੇਟੇ ਤੇ ਸਾਥੀਆਂ ਨੂੰ ਸੁਰੱਖਿਅਤ ਕੀਤਾ ਜਦਕਿ ਪੁਲਿਸ ਉਸ ਨੂੰ ਸੰਮਨ ਜਾਰੀ ਕਰ ਰਹੀ ਸੀ | ਰਿਪੋਰਟਾਂ ਦਸਦੀਆਂ ਹਨ ਕਿ ਚਸ਼ਮਦੀਦ ਗਵਾਹਾਂ 'ਤੇ ਦਬਾਅ ਹੈ ਕਿ ਉਹ ਅਪਣੇ ਬਿਆਨ ਦਰਜ ਨਾ ਕਰਨ ਅਤੇ ਰਿਕਾਰਡ ਨਾ ਕਰਨ | ਉਸ ਦਾ ਪੁੱਤਰ, ਮੁੱਖ ਦੋਸ਼ੀ, ਵੀਆਈਪੀ ਇਲਾਜ ਪ੍ਰਾਪਤ ਕਰ ਰਿਹਾ ਹੈ, ਇਹ ਸਪੱਸ਼ਟ ਹੈ ਕਿ
ਅਜੇ ਮਿਸ਼ਰਾ ਟੇਨੀ ਨੂੰ ਹੁਣ ਤਕ ਗਿ੍ਫ਼ਤਾਰ ਕਰ ਲਿਆ ਜਾਣਾ ਚਾਹੀਦਾ ਸੀ | ਨਰਿੰਦਰ ਮੋਦੀ, ਅਜੈ ਮਿਸ਼ਰਾ ਨੂੰ ਮੰਤਰੀ ਬਣਾ ਕੇ ਕੇਂਦਰੀ ਮੰਤਰੀ ਪ੍ਰੀਸ਼ਦ ਨੂੰ ਸ਼ਰਮਸਾਰ ਕਰ ਰਹੇ ਹਨ ਤੇ ਬਹੁਤ ਹੀ ਅਨੈਤਿਕ ਰਵਈਏ ਨੂੰ ਪ੍ਰਦਰਸ਼ਿਤ ਕਰ ਰਹੇ ਹਨ | ਦੇਸ਼ ਵਿਚ ਅਜਿਹੀ ਸਰਕਾਰ ਨੂੰ ਲੈ ਕੇ ਨਾਗਰਿਕ ਸ਼ਰਮਿੰਦਾ ਹਨ | ਐਸਕੇਐਮ ਇਕ ਵਾਰ ਫਿਰ ਮੰਗ ਕਰਦਾ ਹੈ ਕਿ ਅਜੈ ਮਿਸ਼ਰਾ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਤੁਰਤ ਗਿ੍ਫ਼ਤਾਰ ਕੀਤਾ ਜਾਵੇ |
ਸੰਯੁਕਤ ਕਿਸਾਨ ਮੋਰਚੇ ਨੇ ਅਪਣੇ ਹਲਕਿਆਂ ਨੂੰ 18 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਰੇਲ ਆਵਾਜਾਈ ਨੂੰ ਛੇ ਘੰਟਿਆਂ ਲਈ ਬੰਦ ਕਰਨ ਦਾ ਸੱਦਾ ਦਿਤਾ ਅਤੇ ਐਸਕੇਐਮ ਕਿਸੇ ਵੀ ਰੇਲਵੇ ਸੰਪਤੀ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੇ ਬਗ਼ੈਰ ਇਸ ਕਾਰਵਾਈ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਨ ਦੀ ਵੀ ਅਪੀਲ ਕੀਤੀ |