
ਮਾਰਬੇਲਾ ਗ੍ਰੈਂਡ ਦੇ ਪ੍ਰਬੰਧਕਾਂ ਨੂੰ ਵਿਜੀਲੈਂਸ ਜਾਂਚ ਵਿਚ ਸ਼ਾਮਲ ਹੋਣ ਦਾ ਹੁਕਮ
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਰੁਪਏ ਅਤੇ ਗੱਡੀ ਮੁਹੱਈਆ ਕਰਵਾਉਣ ਦੇ ਲੱਗੇ ਇਲਜ਼ਾਮ
ਚੰਡੀਗੜ੍ਹ : ਵਿਜੀਲੈਂਸ ਬਿਊਰੋ ਪੰਜਾਬ ਵਲੋਂ ਭ੍ਰਿਸ਼ਟਾਚਾਰੀ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਰਿਸ਼ਵਤ ਦਿੰਦਿਆਂ ਰੰਗੇ ਹੱਥੀਂ ਕਾਬੂ ਕੀਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ ਵਿਚ ਹੁਣ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਹੁਣ ਵਿਗਿਲੈਂਸ ਬਿਊਰੋ ਵਲੋਂ ਮਾਰਬੇਲਾ ਗ੍ਰੈਂਡ ਦੇ ਪ੍ਰਬੰਧਕਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਹੁਕਮ ਦਿਤਾ ਗਿਆ ਹੈ ਕਿਉਂਕਿ ਉਨ੍ਹਾਂ 'ਤੇ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਰੁਪਏ ਅਤੇ ਗੱਡੀ ਮੁਹੱਈਆ ਕਰਵਾਉਣ ਦੇ ਇਲਜ਼ਾਮ ਹਨ।
ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਸ਼ੱਕ ਹੈ ਕਿ ਸੁੰਦਰ ਸ਼ਾਮ ਅਰੋੜਾ ਨੇ 50 ਲੱਖ ਰੁਪਏ ਲੈ ਕੇ ਹੁਸ਼ਿਆਰਪੁਰ ਤੋਂ ਨਹੀਂ ਲੈ ਕੇ ਆਏ ਸਗੋਂ ਉਹ ਅਤੇ ਉਨ੍ਹਾਂ ਦਾ ਪੀਏ ਅਤੇ ਗੰਨਮੈਨਖਾਲੀ ਹੱਥ ਮੁਹਾਲੀ ਆਏ ਸਨ ਅਤੇ ਇਥੇ ਆ ਕੇ ਇਸ ਬਿਲਡਰ ਤੋਂ ਨਕਦੀ ਲੈ ਕੇ ਆਪਣੀ ਕਾਰ ਵਿੱਚ ਏਆਈਜੀ ਮਨਮੋਹਨ ਸ਼ਰਮਾ ਨੂੰ ਮਿਲਣ ਕੋਸਮੋ ਮਾਲ ਗਏ ਸਨ। ਹੁਣ ਜੇਕਰ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਉਕਤ ਮਾਰਬੇਲਾ ਗ੍ਰੈਂਡ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ।
ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁੰਦਰ ਸ਼ਾਮ ਅਰੋੜਾ ਦੇ ਪਰਿਵਾਰਕ ਮੈਂਬਰਾਂ ਦੀ ਮਾਰਬੇਲਾ ਗ੍ਰੈਂਡ ਕੰਪਨੀ ਵਿਚ ਹਿੱਸੇਦਾਰੀ ਵੀ ਸਾਹਮਣੇ ਆਈ ਹੈ। ਇਸ ਦੇ ਚਲਦੇ ਹੀ ਵਿਜੀਲੈਂਸ ਵਲੋਂ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ 'ਤੇ ਲਾਕਰਾਂ ਆਦਿ ਦੀ ਤਲਾਸ਼ੀ ਵੀ ਲਈ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਸੀ।