
ਇਹ ਨਿਯੁਕਤੀ ਗੈਰ-ਸੰਵਿਧਾਨਕ ਤਰੀਕੇ ਨਾਲ ਕੀਤੀ ਗਈ ਸੀ
ਚੰਡੀਗੜ੍ਹ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਗੈਰ-ਸੰਵਿਧਾਨਕ ਤਰੀਕੇ ਨਾਲ ਕੀਤੀ ਗਈ ਸੀ, ਤੇ ਇਹ ਯੂਜੀਸੀ ਦੇ ਨਿਯਮਾਂ ਦੇ ਖਿਲਾਫ਼ ਹੈ, ਇਸ ਕਰ ਕੇ ਇਹ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਪ੍ਰਸਿੱਧ ਖੋਜੀ ਡਾ. ਸਤਬੀਰ ਸਿੰਘ ਗੋਸਲ ਨੂੰ ਅਗਸਤ ਦੇ ਅੱਧ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦਾ ਨਵਾਂ ਵੀਸੀ ਨਿਯੁਕਤ ਕੀਤਾ ਗਿਆ ਸੀ। ਪੀਏਯੂ ਵਿਚ ਵੀਸੀ ਦੀ ਅਸਾਮੀ ਇੱਕ ਸਾਲ ਤੋਂ ਖਾਲੀ ਸੀ। ਹੁਣ ਰਾਜਪਾਲ ਦੇ ਸਟੈਂਡ ਤੋਂ ਬਾਅਦ ਇੱਕ ਵਾਰ ਫਿਰ ਇਹ ਅਹੁਦਾ ਖਾਲੀ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਪੰਜਾਬ 'ਚ ਰਾਜ ਭਵਨ ਅਤੇ ਸਰਕਾਰ ਵਿਚਾਲੇ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਏ ਜਾਣ ਨੂੰ ਲੈ ਕੇ ਸੂਬੇ ਵਿਚ ਟਕਰਾਅ ਸ਼ੁਰੂ ਹੋ ਗਿਆ ਸੀ ਜਿਸ ਦਾ ਸੇਕ ਅਜੇ ਵੀ ਜਾਰੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਅਗਲੇ ਵਾਈਸ ਚਾਂਸਲਰ ਡਾ.ਗੁਰਪ੍ਰੀਤ ਸਿੰਘ ਵਾਂਡਰ ਨੂੰ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਰਾਜ ਭਵਨ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਵਾਂਡਰ ਨੇ ਖੁਦ ਵੀਸੀ ਨਾ ਬਣਨ ਦੀ ਇੱਛਾ ਪ੍ਰਗਟਾਈ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਜ ਭਵਨ ਨੇ ਇਹ ਕਹਿੰਦੇ ਹੋਏ ਫਾਈਲ ਵਾਪਸ ਕਰ ਦਿੱਤੀ ਸੀ ਕਿ ਸਰਚ ਕਮੇਟੀ ਦੁਆਰਾ ਸ਼ਾਰਟਲਿਸਟ ਕੀਤੇ ਗਏ ਤਿੰਨ ਨਾਮ ਪੈਨਲ ਨੂੰ ਭੇਜੇ ਜਾਣ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਿਯੁਕਤੀ ਵਿਚ ਸਾਰੀ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਕਿਹਾ।