
ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਬੀਰ ਗਾਂਧੀ ਨੇ ਗੁਰੂ ਗੰ੍ਰਥ ਸਾਹਿਬ ਭਵਨ ਵਿਖੇ ਸੇਵਾ ਮੁਕਤ ਅਧਿਕਾਰੀਆਂ, ਐਡਵੋਕੇਟਾਂ, ਬੁੱਧੀਜੀਵੀਆਂ ਤੇ ਹੋਰ ਸ਼ਖ਼ਸੀਅਤਾਂ.........
ਚੰਡੀਗੜ੍ਹ : ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਬੀਰ ਗਾਂਧੀ ਨੇ ਗੁਰੂ ਗੰ੍ਰਥ ਸਾਹਿਬ ਭਵਨ ਵਿਖੇ ਸੇਵਾ ਮੁਕਤ ਅਧਿਕਾਰੀਆਂ, ਐਡਵੋਕੇਟਾਂ, ਬੁੱਧੀਜੀਵੀਆਂ ਤੇ ਹੋਰ ਸ਼ਖ਼ਸੀਅਤਾਂ ਦੀ ਬੈਠਕ ਵਿਚ ਪੰਜਾਬ ਨੂੰ ਨਵਾਂ ਤੇ ਖ਼ੁਦਮੁਖ਼ਤਾਰ ਸੂਬਾ ਬਣਾਉਣ ਦਾ ਹੋਕਾ ਦਿਤਾ। ਡਾ. ਗਾਂਧੀ ਨੇ 1961 ਦੀ ਮਰਦਮਸ਼ੁਮਾਰੀ ਵੇਲੇ ਹਿੰਦੂਆਂ ਵਲੋਂ ਅਪਣੀ ਭਾਸ਼ਾ ਹਿੰਦੀ ਲਿਖਾਉਣ ਦੀ ਸਖ਼ਤ ਆਲੋਚਨਾ ਤੇ ਭੰਡੀ ਕੀਤੀ ਤੇ ਕਿਹਾ ਕਿ ਕੇਂਦਰ ਸਰਕਾਰ ਤੇ ਵਿਸ਼ੇਸ਼ਕਰ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਪਾਣੀ ਨੂੰ ਲੁਟਿਆ ਤੇ ਲੋਕਾਂ ਨੂੰ ਕੁਟਿਆ।
ਡਾ. ਗਾਂਧੀ ਨੇ ਸ਼ਕਤੀ ਸੰਪੰਨ ਪੰਜਾਬ ਨੂੰ ਪੂਰੀ ਪ੍ਰਭੂਸੱਤਾ ਅਤੇ ਪੂਰੀ ਅਜ਼ਾਦੀ ਦੇਣ ਦਾ ਹੋਕਾ ਦਿੰਦੇ ਹੋਏ ਕਿਹਾ ਕਿ ਪੰਜਾਬੀਆਂ ਨੂੰ ਅਪਣੇ ਸੂਬੇ ਦੀ ਪੂਰੀ ਮਾਲਕੀ ਚਾਹੀਦੀ ਹੈ ਜਿਸ ਵਾਸਤੇ ਸੰਘਰਸ਼ ਜਾਰੀ ਰਖਿਆ ਜਾਵੇਗਾ। ਪੰਜਾਬ ਮੰਚ ਦੇ ਵੱਡੇ ਪੋਸਟਰਾਂ 'ਤੇ ਡਾ. ਗਾਂਧੀ ਦੀ ਅਪਣੀ ਫ਼ੋਟੋ ਸੀ ਤੇ ਲਿਖਿਆ ਸੀ '' ਫ਼ੈਡਰਲ ਭਾਰਤ-ਜਮਹੂਰੀ ਪੰਜਾਬ'' ਜਿਸ ਦਾ ਸਾਫ਼ ਮਤਲਬ ਸੀ ਕਿ ਮੁਲਕ 'ਚ ਫੈਡਰਲ ਢਾਂਚਾ ਸਥਾਪਤ ਹੋਵੇ ਤੇ ਇਸ ਸਰਹੱਦੀ ਸੂਬੇ ਨੂੰ ਪੁਰਾ ਮਾਣ-ਤਾਣ ਤੇ ਸ਼ਕਤੀ ਮਿਲੇ। ਇਸ ਮੌਕੇ ਡਾ. ਗਾਂਧੀ ਨੂੰ ਈਮਾਨਦਾਰ ਤੇ ਸਾਫ਼ ਸੁਥਰਾ ਨੇਤਾ ਗਰਦਾਨਦੇ ਹੋਏ ਪੰਜਾਬ ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਏ
ਪ੍ਰੋ. ਗੁਰਦਰਸ਼ਨ ਢਿੱਲੋਂ ਨੇ ਅਣਵੰਡੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੇਨ ਸੱਚਰ ਨੂੰ ਯਾਦ ਕੀਤਾ ਤੇ ਕਿਹਾ ਕਿ ਸੱਚਰ ਇਕ ਇਮਾਨਦਾਰ ਤੇ ਅਗਾਂਹ-ਵਧੂ ਸੋਚ ਦੇ ਨੇਤਾ ਸਨ। ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਐਡਵੋਕੇਟ ਅਮਰ ਸਿੰਘ ਚਾਹਲ, ਬਜ਼ੁਰਗ ਪੱਤਰਕਾਰ ਸੁਖਦੇਵ ਸਿੰਘ ਤੇ ਮੰਚ ਦੇ ਹੋਰ ਮੈਂਬਰਾਂ ਨੇ ਆਸ ਪ੍ਰਗਟ ਕੀਤੀ ਕਿ ਪਿਛਲੇ 2 ਸਾਲ ਤੋਂ ਪੰਜਾਬ ਮੰਚ ਦੀ ਸੋਚ ਨੂੰ ਵਾਧੂ ਹੁੰਗਾਰਾ ਮਿਲਿਆ ਹੈ। ਸ. ਕਾਹਲੋਂ ਤੇ ਸ. ਚਾਹਲ ਨੇ ਪੰਜਾਬ ਦੀ ਪੁਰਾਣੀ 100 ਸਾਲ ਦੀ ਤਵਾਰੀਖ਼ ਦਾ ਹਵਾਲਾ ਦਿੰਦਿਆਂ ਦਸਿਆ ਕਿ ਕਿਵੇਂ ਪੰਜਾਬ ਦੇ ਸਿਆਸਤਦਾਨਾਂ ਨੇ ਸੂਬੇ ਨਾਲ ਬੇਇਨਸਾਫ਼ੀ ਕੀਤੀ ਅਤੇ ਲੋਕਾਂ ਖ਼ਾਸਕਰ ਸਿੱਖਾਂ ਦੀ ਪੱਤ ਰੋਲੀ।