
ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੀ ਅਧਿਕਾਰ ਯਾਤਰਾ ਮੋਗਾ ਤੋਂ ਹੋਈ ਰਵਾਨਾ
ਕੈਪਟਨ ਸਰਕਾਰ ਪਾਣੀਆਂ ਦੀਆਂ ਰਕਮਾਂ ਵਸੂਲਣ 'ਚ ਬੁਰੀ ਤਰ੍ਹਾਂ ਫ਼ੇਲ ਹੋਈ : ਬੈਂਸ
ਮੋਗਾ,ਬਾਘਾਪੁਰਾਣਾ, 17 ਨਵੰਬਰ (ਗੁਰਜੰਟ ਸਿੰਘ, ਹਰਜਿੰਦਰ ਮੌਰੀਆ/ਸੰਦੀਪ ਬਾਘੇਵਾਲੀਆ): ਬੀਤੀ ਰਾਤ ਲੋਕ ਇਨਸਾਫ਼ ਪਾਰਟੀ ਦੀ ''ਪੰਜਾਬ ਅਧਿਕਾਰ ਯਾਤਰਾ'' ਹਰੀਕੇ ਪੱਤਣ ਤੋਂ ਚਲ ਕੇ ਵਿਸ਼ਵਕਰਮਾ ਭਵਨ ਮੋਗਾ ਵਿਖੇ ਪਹੁੰਚੀ। ਅੱਜ ਦੂਸਰੇ ਪੜਾਅ ਤਹਿਤ ਵਿਸ਼ਵਕਰਮਾ ਭਵਨ ਮੋਗਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਪਾਣੀਆਂ ਦੇ ਮੁੱਦੇ 'ਤੇ 'ਪੰਜਾਬ ਅਧਿਕਾਰ ਯਾਤਰਾ' ਸ਼ੁਰੂ ਕੀਤੀ ਗਈ।
ਇਸ ਮੌਕੇ ਬੈਂਸ ਨੇ ਦਸਿਆ ਕਿ ਇਹ ਯਾਤਰਾ ਮੋਗਾ ਤੋਂ ਬੁੱਘੀਪੁਰਾ, ਡਾਲਾ, ਬੁੱਟਰ, ਬੱਧਨੀ, ਬਿਲਾਸਪੁਰ, ਤਖਤੂਪੁਰਾ, ਧੂੜਕੋਟ ਰਣਸੀਹ, ਨਿਹਾਲ ਸਿੰਘ ਵਾਲਾ, ਖੋਟੇ , ਮਾਣੂੰਕੇ, ਫੂਲੇਵਾਲਾ, ਨੱਥੋਕੇ, ਬਾਘਾਪੁਰਾਣਾ, ਲੰਗੇਆਣਾ, ਨੱਥੂਵਾਲਾ, ਹਰੀਏ ਵਾਲਾ, ਮਾਹਲਾ, ਬਾਘਾਪੁਰਾਣਾ ਤੋਂ ਹੁੰਦੇ ਹੋਏ ਦਮਦਮਾ ਸਾਹਿਬ ਪਹੁੰਚੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕੁਦਰਤੀ ਸਰੋਤ ਪਾਣੀ ਹੈ ਤੇ ਪੰਜਾਬ ਦੇ ਲੋਕਾਂ ਦਾ ਜ਼ਿਆਦਾਤਰ ਧੰਦਾ ਖੇਤੀਬਾੜੀ, ਜਿਸ ਨਾਲ ਪੰਜਾਬ ਦੀ ਆਰਥਕਤਾ ਚਲਦੀ ਹੈ। ਪੰਜਾਬ ਵਿਚ ਵਹਿੰਦੇ ਦਰਿਆਵਾਂ ਦਾ ਪਾਣੀ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸ ਰਿਪੇਰੀਅਨ ਕਾਨੂੰਨ ਮੁਤਾਬਕ ਰਾਜਸਥਾਨ, ਹਰਿਆਣਾ ਅਤੇ ਦਿੱਲੀ ਪਾਸੋਂ ਪਾਣੀ ਦੀ ਕੀਮਤ ਦਾ ਹੱਕ ਰਖਦੇ ਹਾਂ। ਜੇ ਇਕੱਲੇ ਰਾਜਸਥਾਨ ਦੀ ਗੱਲ ਕਰੀਏ ਤਾਂ ਉਸ ਪਾਸੋਂ ਪੰਜਾਬ ਨੇ 16 ਲੱਖ ਕਰੋੜ ਤੋਂ ਵੱਧ ਦੀ ਰਕਮ ਲੈਣੀ ਹੈ। ਜੇਕਰ ਇਹ ਰਕਮ ਪੰਜਾਬ ਨੂੰ ਮਿਲ ਜਾਵੇ ਤਾਂ ਪੰਜਾਬ ਦਾ ਕਿਸਾਨ, ਮਜ਼ਦੂਰ, ਵਪਾਰੀ ਅਤੇ ਖ਼ੁਦ ਪੰਜਾਬ ਸਰਕਾਰ ਕਰਜ਼ਾ ਮੁਕਤ ਹੋ ਸਕਦੇ ਹਨ, ਪਰ ਇਸ ਲਈ ਕਾਂਗਰਸ, ਭਾਜਪਾ ਅਤੇ ਆਪ ਨੈਸ਼ਨਲ ਪਾਰਟੀਆਂ ਪੰਜਾਬ ਦੇ ਪਾਣੀਆਂ ਲਈ ਸੰਜੀਦਾ ਨਹੀਂ ਹਨ। ਇਸ ਸਮੇਂ ਮਨਜੀਤ ਸਿੰਘ ਬੰਬ, ਸਾਧੂ ਸਿੰਘ ਧੰਮੂ, ਜਸਵਿੰਦਰ ਸਿੰਘ ਸਮਾਧ ਭਾਈ, ਅਜੀਤ ਕੁਮਾਰ ਲੈਕਚਰਾਰ ਆਦਿ ਹਾਜ਼ਰ ਸਨ। ਬੈਂਸ ਦੇ ਕਾਫ਼ਲੇ ਵਿਚ ਵੱਡੀ ਗਿਣਤੀ ਵਿਚ ਕਾਰਾਂ, ਜੀਪਾਂ, ਮੋਟਰਸਾਈਕਲਾਂ ਅਤੇ ਹੋਰ ਵ੍ਹੀਕਲ ਸ਼ਾਮਲ ਸਨ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਪਾਸ ਇਕ ਪਾਸੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਫ਼ੰਡਾਂ ਦੀ ਵੱਡੀ ਕਮੀ ਹੈ ਅਤੇ ਦੂਸਰੇ ਪਾਸੇ ਕੈਪਟਨ ਸਰਕਾਰ ਅਪਣੀਆਂ ਬਣਦੀਆਂ ਰਕਮਾਂ ਵਸੂਲਣ ਵਿਚ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਸਾਬਤ ਹੋ ਰਹੀ ਹੈ। ਬੈਂਸ ਨੇ ਕਿਹਾ ਕਿ 19 ਨਵੰਬਰ ਨੂੰ 21 ਲੱਖ ਲੋਕਾਂ ਦੇ ਕੀਤੇ ਦਸਤਖ਼ਤ ਵਾਲੀ ਪਟੀਸ਼ਨ ਪੰਜਾਬ ਵਿਧਾਨ ਸਭਾ ਕਮੇਟੀ ਵਿਚ ਦਾਖ਼ਲ ਕੀਤੀ ਜਾਵੇਗੀ ਕਿ ਜਾਂ ਤਾਂ ਰਾਜਸਥਾਨ ਤੋਂ ਅਦਾਇਗੀ ਲਉ ਜਾਂ ਪਾਣੀ ਬੰਦ ਕਰੋ।
ਫੋਟੋ ਨੰਬਰ –17 ਮੋਗਾ, ਬਾਘਾ ਪੁਰਾਣਾ 12