
ਇਹ ਫੈਸਲਾ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਮਾਨਤਾ ਦਿੰਦੇ ਹੋਏਕੈਪਟਨ ਸਰਕਾਰ ਵੱਲੋਂ ਲਿਆ ਗਿਆ
ਚੰਡੀਗੜ੍ਹ - ਪੰਜਾਬ ਸਰਕਾਰ ਦੀ 'ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ' ਦੀ ਨੀਤੀ ਵਿੱਚ ਛੋਟ ਦਿੰਦਿਆਂ ਪੰਜਾਬ ਮੰਤਰੀ ਮੰਡਲ ਨੇ ਗਲਵਾਨ ਘਾਟੀ ਦੇ ਤਿੰਨ ਕੁਆਰੇ ਜੰਗੀ ਸ਼ਹੀਦਾਂ ਦੇ ਵਿਆਹੁਤਾ ਭਰਾਵਾਂ ਨੂੰ ਸੂਬਾਈ ਸੇਵਾਵਾਂ ਵਿੱਚ ਨੌਕਰੀਆਂ ਦੇਣ ਲਈ ਨਿਯਮਾਂ ਵਿੱਚ ਸੋਧ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਫੈਸਲਾ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਮਾਨਤਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਿਆ ਗਿਆ।
Gurtej Singh
ਮੌਜੂਦਾ ਨਿਯਮਾਂ ਮੁਤਾਬਕ ਜੰਗੀ ਸ਼ਹੀਦਾਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਜਾਂ ਅਗਲੇ ਵਾਰਸਾਂ ਨੂੰ ਹੀ ਨੌਕਰੀ ਲਈ ਯੋਗ ਮੰਨਿਆ ਜਾਂਦਾ ਪਰ ਇਨ੍ਹਾਂ ਤਿੰਨ ਸੈਨਿਕਾਂ ਦੇ ਮਾਮਲੇ ਵਿੱਚ ਇਸ ਵੇਲੇ ਕੋਈ ਵੀ ਪਰਿਵਾਰਕ ਮੈਂਬਰ ਨਿਰਭਰ ਨਹੀਂ ਹੈ ਜਿਸ ਕਰਕੇ ਇਨ੍ਹਾਂ ਦੇ ਵਿਆਹੁਤਾ ਭਰਾਵਾਂ ਨੂੰ ਨੌਕਰੀਆਂ ਦੇਣ ਲਈ ਨਿਯਮਾਂ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਹੈ।
Gurvinder Singh
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿਪਾਹੀ ਗੁਰਤੇਜ ਸਿੰਘ (ਕੁਆਰਾ) ਦਾ ਭਰਾ ਗੁਰਪ੍ਰੀਤ ਸਿੰਘ, ਸਿਪਾਹੀ ਗੁਰਬਿੰਦਰ ਸਿੰਘ (ਕੁਆਰਾ) ਦਾ ਭਰਾ ਗਰਪ੍ਰੀਤ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ (ਕੁਆਰਾ) ਦਾ ਭਰਾ ਨਿਆਮਤ ਅਲੀ ਨੇ 'ਜੰਗੀ ਨਾਇਕਾਂ ਦੇ ਨਿਰਭਰ ਮੈਂਬਰਾਂ' ਦੀ ਪ੍ਰੀਭਾਸ਼ਾ ਦੇ ਦਾਇਰੇ ਵਿੱਚ ਨਾ ਆਉਣ ਦੇ ਬਾਵਜੂਦ ਸੂਬਾਈ ਸੇਵਾਵਾਂ ਵਿੱਚ ਨਿਯੁਕਤੀ ਲਈ ਅਪਲਾਈ ਕੀਤਾ ਸੀ।
Captain Amarinder Singh
ਬੁਲਾਰੇ ਨੇ ਅੱਗੇ ਦੱਸਿਆ ਕਿ ਮਿਤੀ 24 ਸਤੰਬਰ, 1999 ਦੀ 'ਜੰਗੀ ਨਾਇਕਾਂ' ਦੇ ਪਰਿਵਾਰਾਂ ਦੇ ਨਿਰਭਰ ਮੈਂਬਰਾਂ ਨੂੰ 'ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ' ਦੀ ਨੀਤੀ ਤਹਿਤ ਕਲਾਸ 1 ਅਤੇ ਕਲਾਸ 2 ਵਿੱਚ ਨੌਕਰੀ ਜਦਕਿ ਮਿਤੀ 19 ਅਗਸਤ, 1999 ਦੀ 'ਜੰਗੀ ਨਾਇਕਾਂ' ਦੇ ਪਰਿਵਾਰਾਂ ਦੇ ਨਿਰਭਰ ਮੈਂਬਰਾਂ ਨੂੰ ਕਲਾਸ-3 ਅਤੇ ਕਲਾਸ-4 ਵਿੱਚ 'ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ' ਦੀ ਨੀਤੀ ਤਹਿਤ 'ਜੰਗੀ ਨਾਇਕ' ਦੀ ਵਿਧਵਾ ਜਾਂ ਨਿਰਭਰ ਮੈਂਬਰ ਨੂੰ ਸੂਬਾਈ ਸੇਵਾ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
Galwan Valley
ਬੁਲਾਰੇ ਨੇ ਦੱਸਿਆ ਕਿ ਉਪਰੋਕਤ ਨੀਤੀਆਂ ਵਿੱਚ ਪ੍ਰੀਭਾਸ਼ਿਤ ਕੀਤਾ ਜੰਗੀ ਨਾਇਕ ਦਾ ਨਿਰਭਰ ਮੈਂਬਰ ''ਵਿਧਵਾ ਜਾਂ ਪਤਨੀ ਜਾਂ ਨਿਰਭਰ ਪੁੱਤਰ ਜਾਂ ਨਿਰਭਰ ਅਣਵਿਆਹੀ ਧੀ ਜਾਂ ਗੋਦ ਲਏ ਨਿਰਭਰ ਪੁੱਤਰ ਜਾਂ ਗੋਦ ਲਈ ਅਣਵਿਆਹੀ ਧੀ' ਹੈ। ਬੁਲਾਰੇ ਨੇ ਦੱਸਿਆ ਕਿ ਇਸ ਨੀਤੀ ਤਹਿਤ ਹਾਲਾਂਕਿ, ਜੇਕਰ ਜੰਗੀ ਨਾਇਕ ਕੁਆਰਾ ਹੈ ਪਰ ਉਸ ਉਪਰ ਹੋਰ ਮੈਂਬਰ ਨਿਰਭਰ ਸਨ, ਤਾਂ ਕੁਆਰਾ ਭਰਾ ਜਾਂ ਅਣਵਿਆਹੀ ਭੈਣ ਨੂੰ ਇਸ ਨੀਤੀ ਤਹਿਤ ਨੌਕਰੀ ਲਈ ਵਿਚਾਰਨ ਵਾਸਤੇ ਯੋਗ ਮੰਨਿਆ ਜਾਵੇਗਾ।
People's Liberation Army
ਜ਼ਿਕਰਯੋਗ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨਜ਼ ਆਰਮੀ ਵੱਲੋਂ ਕੀਤੇ ਹਮਲੇ ਦੌਰਾਨ ਜੂਨ, 2020 ਵਿੱਚ ਲੱਦਾਖ ਸੈਕਟਰ ਵਿੱਚ ਸ਼ਹਾਦਤ ਦੇਣ ਵਾਲਿਆਂ ਵਿੱਚ ਪੰਜ ਫੌਜੀ ਪੰਜਾਬ ਨਾਲ ਸਬੰਧਤ ਸਨ। ਅਜਿਹੀਆਂ ਮੌਤਾਂ ਨੂੰ ਆਮ ਤੌਰ 'ਤੇ ਫੌਜ ਦੇ ਹੈੱਡਕੁਆਰਟਰ ਵੱਲੋਂ ਜੰਗੀ ਸ਼ਹੀਦ ਐਲਾਨਿਆ ਜਾਂਦਾ ਹੈ ਅਤੇ ਅਜਿਹੇ ਸੈਨਿਕਾਂ ਦੇ ਅਗਲੇ ਵਾਰਸ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਸੂਬਾ ਸਰਕਾਰ ਦੀ 'ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ' ਦੀ ਨੀਤੀ ਮੁਤਾਬਕ ਹਰੇਕ ਸ਼ਹੀਦ ਦੇ ਨਿਰਭਰ ਪਰਿਵਾਰਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਂਦੀ ਹੈ।
Captain Amrinder Singh
ਪਰ ਇਨ੍ਹਾਂ ਪੰਜ ਫੌਜੀਆਂ ਦੇ ਮਾਮਲੇ ਵਿੱਚ ਤਿੰਨ ਸੈਨਿਕ ਸ਼ਹਾਦਤ ਮੌਕੇ ਕੁਆਰੇ ਸਨ। ਇੱਥੋਂ ਤੱਕ ਕਿ ਇਨ੍ਹਾਂ ਤਿੰਨੇ ਸ਼ਹੀਦ ਸੈਨਿਕਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਉਪਰੋਕਤ ਨੀਤੀਆਂ ਵਿੱਚ 'ਜੰਗੀ ਨਾਇਕਾਂ ਦੇ ਨਿਰਭਰ ਮੈਂਬਰਾਂ' ਦੀ ਪ੍ਰੀਭਾਸ਼ਾ ਦੇ ਦਾਇਰੇ ਹੇਠ ਨਹੀਂ ਆਉਂਦਾ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਬਜ਼ੁਰਗ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਹਨ ਜਿਸ ਕਰਕੇ ਸੂਬਾ ਸਰਕਾਰ ਨੇ ਇਨ੍ਹਾਂ ਸ਼ਹੀਦਾਂ ਦੇ ਮਾਣ ਤੇ ਸ਼ੁਕਰਾਨੇ ਦੇ ਸਤਿਕਾਰ ਵਜੋਂ ਨਿਯਮਾਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।