
ਗੰਨਾ ਖੋਜ ਤੇ ਵਿਕਾਸ ਕੇਂਦਰ ਕਲਾਨੌਰ ਗੰਨਾ ਕਾਸ਼ਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ : ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ, 17 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਲਾਨੌਰ ਵਿਖੇ ਸਥਾਪਤ ਕੀਤਾ ਜਾ ਰਿਹਾ ਗੰਨਾ ਖੋਜ ਤੇ ਵਿਕਾਸ ਕੇਂਦਰ ਗੰਨਾ ਕਾਸ਼ਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ। ਆਧੁਨਿਕ ਵਿਧੀਆਂ ਨਾਲ ਲੈਸ ਇਹ ਕੇਂਦਰ ਨਾ ਕੇਵਲ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾਉਣ ਲਈ ਸਿਖਲਾਈ ਦੇਵੇਗਾ ਬਲਕਿ ਗੰਨੇ ਦੀ ਉਤਮ ਕਿਸਮ ਦਾ ਵਧੀਆ ਬੀਜ ਵੀ ਤਿਆਰ ਕਰੇਗਾ ਜਿਸ ਦੇ ਸਿੱਟੇ ਵਜੋਂ ਪ੍ਰਤੀ ਏਕੜ ਝਾੜ ਅਤੇ ਗੰਨੇ ਦੀ ਰਿਕਵਰੀ ਵਿਚ ਵਾਧਾ ਹੋਵੇਗਾ। ਇਹ ਕੇਂਦਰ ਕਿਸਾਨਾਂ ਦੇ ਨਾਲ ਸਹਿਕਾਰੀ ਖੰਡ ਮਿੱਲਾਂ ਦੀ ਆਰਥਕਤਾ ਨੂੰ ਹੁਲਾਰਾ ਦੇਣ ਵਾਲਾ ਸਿੱਧ ਹੋਵੇਗਾ।
ਇਹ ਗੱਲ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਗੰਨਾ ਖੋਜ ਤੇ ਵਿਕਾਸ ਕੇਂਦਰ ਕਲਾਨੌਰ (ਜ਼ਿਲ੍ਹਾ ਗੁਰਦਾਸਪੁਰ) ਦੀ ਗਵਰਨਿੰਗ
ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਲਈ ਗੰਨੇ ਦੀ ਖੇਤੀ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ ਕਿਉਂਕਿ ਗੰਨੇ ਦੀ ਫ਼ਸਲ ਕਿਸਾਨਾਂ ਨੂੰ ਫ਼ਸਲੀ ਚੱਕਰ ਵਿਚ ਬਾਹਰ ਕੱਢ ਸਕਣ ਲਈ ਸੱਭ ਤੋਂ ਵੱਧਾ ਸੰਭਾਵਨਾਵਾਂ ਰਖਦੀ ਹੈ।
ਸ. ਰੰਧਾਵਾ ਨੇ ਕਿਹਾ ਕਿ ਗੰਨੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਥਾਪਤ ਕੀਤਾ ਜਾ ਰਿਹਾ ਗੰਨਾ ਖੋਜ ਤੇ ਵਿਕਾਸ ਕੇਂਦਰ ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲਾਂ ਹੀ ਇਸ ਕੇਂਦਰ ਨੂੰ ਮਨਜ਼ੂਰੀ ਦਿਤੀ ਗਈ, ਨਾਲ ਗੰਨੇ ਦੀ ਕਾਸ਼ਤ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਹ ਕਦਮ ਫ਼ਸਲੀ ਵਿਭਿੰਨਤਾ ਲਈ ਮੀਲ ਪੱਥਰ ਸਾਬਤ ਹੋਵੇਗਾ ਕਿਉਂ ਜੋ ਇਸ ਨਾਲ ਕਿਸਾਨ ਗੰਨੇ ਦੀ ਕਾਸ਼ਤ ਵੱਲ ਮੋੜਾ ਪਾਉਣਗੇ। ਇਸ ਨਾਲ ਸਹਿਕਾਰੀ ਖੰਡ ਮਿੱਲਾਂ ਨੂੰ ਵੀ ਵਧੀਆ ਕਿਸਮ ਦਾ ਗੰਨਾ ਮਿਲੇਗਾ।
ਰੰਧਵਾ ਫੋਟੋ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੰਗਲਵਾਰ ਨੂੰ ਗੰਨਾ ਖੋਜ ਤੇ ਵਿਕਾਸ ਕੇਂਦਰ ਕਲਾਨੌਰ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ