ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਪੰਥਕ ਸਟੇਜਾਂ ਤੋਂ ਕਿਵੇਂ ਕੀਤਾ ਜਾ ਸਕਦਾ ਸਨਮਾਨਿਤ? - ਰਾਗੀ ਮਨਪ੍ਰੀਤ ਸਿੰਘ ਕਾਨਪੁਰੀ
Published : Nov 18, 2022, 7:02 pm IST
Updated : Nov 18, 2022, 7:57 pm IST
SHARE ARTICLE
Bhai Manpreet Singh Kanpuri
Bhai Manpreet Singh Kanpuri

'84 ਦੇ ਖੌਫਨਾਕ ਮੰਜ਼ਰ 'ਚ ਮੇਰਾ ਬਾਪੂ 4 ਧੀਆਂ ਨੂੰ ਲੈ ਕੇ ਬਚਦਾ ਫਿਰਦਾ ਸੀ' 

ਜਦੋਂ ਗਲ਼ਾਂ ਵਿਚ ਟਾਇਰ ਪਾ ਕੇ ਸਾੜੇ ਗਏ ਤੇ ਧੀਆਂ-ਭੈਣਾਂ ਦੀ ਪੱਤ ਰੋਲੀ ਗਈ, '84 ਦੇ ਉਸ ਕਾਲੇ ਦੌਰ ਨੂੰ ਕਿਵੇਂ ਭੁੱਲ ਸਕਦੇ ਹਾਂ : ਮਨਪ੍ਰੀਤ ਸਿੰਘ ਕਾਨਪੁਰੀ

'ਮੈਂ ਤਾਂ ਨਹੀਂ ਭੁੱਲ ਸਕਦਾ ਕਤਲੇਆਮ' - ਭਾਈ ਕਾਨਪੁਰੀ ਦਾ ਇਕੱਲਾ-ਇਕੱਲਾ ਬੋਲ ਕਰ ਦੇਵੇਗਾ ਲੂ ਕੰਡੇ ਖੜ੍ਹੇ

ਮੋਹਾਲੀ (ਅਰਪਨ ਕੌਰ, ਕੋਮਲਜੀਤ ਕੌਰ) : ਗੁਰੂ ਦੇ ਕੀਰਤਨੀਏ ਅਤੇ ਪ੍ਰਚਾਰਕ ਨੂੰ ਗੁਰਬਾਣੀ ਵਿਚ ਵੀ ਬਹੁਤ ਅਦਬ ਅਤੇ ਸਤਿਕਾਰ ਨਾਲ ਗੁਰੂ ਪਾਤਿਸਾਹ ਨੇ ਨਿਵਾਜਿਆ ਹੈ।  ਇੱਕ ਕੀਰਤਨੀਆਂ ਜਿਥੇ ਬਾਣੀ ਨਾਲ ਜੁੜਿਆ, ਦੂਜਿਆਂ ਨੂੰ ਜੋੜਨ ਵਾਲਾ ਗੁਰਮੁੱਖ ਇਨਸਾਨ ਹੋਣ ਦੇ ਨਾਲ ਬੇਬਾਕ ਅਤੇ ਬੁਲੰਦ ਸ਼ਖ਼ਸੀਅਤ ਦਾ ਮਾਲਕ ਵੀ ਹੋਣਾ ਚਾਹੀਦਾ ਹੈ। ਅਜਿਹੇ ਹੀ ਇੱਕ ਗੁਰਸਿੱਖ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਹਨ ਜਿਨ੍ਹਾਂ ਨੇ ਹਾਲ ਹੀ ਵਿਚ ਇੰਦੌਰ ਵਿਖੇ ਕੀਰਤਨ ਦੌਰਾਨ ਪੰਥ ਦੀਆਂ ਰਿਵਾਇਤਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਇੱਕ ਸਮਾਗਮ ਦੌਰਾਨ '84 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਵਿਚ ਗਿਣੇ ਜਾਣ ਵਾਲੇ ਕਮਲ ਨਾਥ ਨੂੰ ਸਨਮਾਨਿਤ ਕਰਨ ਦਾ ਵਿਰੋਧ ਕੀਤਾ ਅਤੇ ਸੰਗਤ ਨੂੰ ਆਪਣੇ ਜ਼ਮੀਰ ਜਿਉਂਦੇ ਰੱਖਣ ਦਾ ਸੁਨੇਹਾ ਦਿੱਤਾ। ਰੋਜ਼ਾਨਾ ਸਪੋਕੇਸਮੈਨ ਵਲੋਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨਾਲ ਕੀਤੀ ਖਾਸ ਗੱਲਬਾਤ ਦਾ ਵੇਰਵਾ:-

ਸਵਾਲ : ਸਮਾਂ ਬੀਤਣ ਨਾਲ 1984 ਵਿਚ ਹੋਈ ਸਿੱਖ ਨਸਲਕੁਸ਼ੀ ਨੂੰ ਕੌਮ ਵਿਸਾਰਦੀ ਜਾ ਰਹੀ ਹੈ। ਤੁਹਾਡੇ ਵਲੋਂ ਸਟੇਜ ਤੋਂ ਕੀਤਾ ਵਿਰੋਧ ਕਿਸ ਨਾਲ ਸੀ? ਉਨ੍ਹਾਂ ਕਾਤਲਾਂ ਨਾਲ, ਸੰਗਤ ਨਾਲ ਜਾਂ ਪ੍ਰਬੰਧਕਾਂ ਨਾਲ?

ਜਵਾਬ : ਵਿਰੋਧ ਤਾਂ ਜਿਨ੍ਹਾਂ ਨੇ ਸਿਰੋਪਾਓ ਦਿੱਤਾ ਉਨ੍ਹਾਂ ਨਾਲ ਹੀ ਸੀ।

 

ਸਵਾਲ : ਉਨ੍ਹਾਂ ਨੇ ਕਿਹਾ ਕਿ ਸਿਰੋਪਾਓ ਨਹੀਂ ਸਿਰਫ਼ ਸਨਮਾਨ ਚਿੰਨ੍ਹ ਦਿੱਤਾ ਗਿਆ?

ਜਵਾਬ : ਸਨਮਾਨ ਦੇਣ ਦੀ ਵੀ ਇੱਕ ਸ਼ਰਤ ਹੁੰਦੀ ਹੈ। ਜਿਸ ਨੇ ਮੇਰੇ ਪਿਓ ਦਾ ਨਿਰਾਦਰ ਕੀਤਾ ਹੋਵੇ ਉਸ ਨੂੰ ਸਨਮਾਨਿਤ ਨਹੀਂ ਕੀਤਾ ਜਾ ਸਕਦਾ। ਇੰਨੇ ਵੱਡੇ ਪੱਧਰ 'ਤੇ ਹੋਇਆ ਇਹ ਕਤਲੇਆਮ ਕੌਮ ਨੂੰ ਭਾਵੇਂ ਭੁੱਲ ਜਾਵੇ ਪਰ ਸਾਨੂੰ ਨਹੀਂ ਭੁੱਲ ਸਕਦਾ ਕਿਉਂਕਿ ਅਸੀਂ ਇਹ ਹੰਢਾਇਆ ਹੈ। ਜਿਨ੍ਹਾਂ ਨੇ ਖੁਦ ਹੰਢਾਇਆ ਉਹ ਇਸ ਵਾਕਿਆ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਸਗੋਂ ਇਸ ਨਸਲਕੁਸ਼ੀ ਨੂੰ ਯਾਦ ਕਰ ਕੇ ਰੋਂਦੇ ਹਨ। ਮੈਨੂੰ ਕਈ ਸੰਗਤਾਂ ਦੇ ਭਾਵੁਕ ਹੁੰਦਿਆਂ ਫੋਨ ਵੀ ਆਏ ਹਨ, ਉਨ੍ਹਾਂ ਕਿਹਾ ਕਿ ਸਾਡੀ ਨਸਲਕੁਸ਼ੀ ਕਰਨ ਵਾਲੇ ਨੂੰ ਸਿਰੋਪਾਓ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ। ਭਾਈ ਸਾਬ੍ਹ ਤੁਸੀਂ ਇਸ ਵਿਰੁੱਧ ਆਵਾਜ਼ ਬੁਲੰਦ ਕਰ ਕੇ ਸਾਡੇ ਜ਼ਖ਼ਮਾਂ ਨੂੰ ਭਰਿਆ ਹੈ।

 

ਸਵਾਲ : ਬਹੁਤ ਸਾਰੇ ਅਜਿਹੇ ਆਗੂ ਹਨ ਜਿਨ੍ਹਾਂ ਉਪਰ ਸਿੱਖ ਨਸਲਕੁਸ਼ੀ ਦੇ ਇਲਜ਼ਾਮ ਲੱਗੇ ਭਾਵੇਂ ਕਿ ਉਨ੍ਹਾਂ ਨੂੰ ਹੁਣ ਕਲੀਨ ਚਿੱਟ ਮਿਲ ਚੁੱਕੀ ਹੈ। ਪਰ ਸਾਡੀਆਂ ਕੁਝ ਪੰਥਕ ਧਿਰਾਂ ਹਨ ਜਿਨ੍ਹਾਂ ਦੇ ਆਗੂ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਉਂਦੇ ਹਨ ਤੇ ਕੁਝ ਪੰਥਕ ਪਾਰਟੀਆਂ ਦਾ ਹਿੱਸਾ ਵੀ ਹਨ। ਤੁਹਾਨੂੰ ਕੀ ਲਗਦਾ ਹੈ ਕਿ ਇਥੇ ਇੱਕ ਅਵੇਸਲਾਪਨ ਹੈ?

ਜਵਾਬ : ਜੀ ਬਿਲਕੁਲ, ਇਹ ਬਹੁਤ ਵੱਡਾ ਅਵੇਸਲਾਪਨ ਹੈ। ਜਿਹੜੇ ਕੌਮ ਦੇ ਗ਼ੱਦਾਰ ਨੇ ਉਹ ਇਨਸਾਨੀਅਤ ਦੇ ਵੀ ਗ਼ੱਦਾਰ ਹਨ।

 

ਸਵਾਲ :  ਤੁਸੀਂ ਆਪਣੀ ਆਵਾਜ਼ ਬੁਲੰਦ ਕੀਤੀ ਪਰ ਸਾਡੇ ਆਗੂ ਅਜੇ ਤੱਕ ਕੁਝ ਕਿਉਂ ਨਹੀਂ ਬੋਲੇ?

ਜਵਾਬ : ਇਹ ਤਾਂ ਆਗੂ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਜ਼ਮੀਰ ਕਿਥੇ ਹੈ। ਜਿਸ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਉਹ ਇਸ ਵਿਰੁੱਧ ਬੋਲਿਆ, ਜੋ ਬਰਦਾਸ਼ਤ ਕਰ ਰਹੇ ਹਨ ਉਹ ਚੁੱਪ ਹਨ, ਇਹ ਉਨ੍ਹਾਂ ਦਾ ਜ਼ਮੀਰ ਹੈ ਅਸੀਂ ਕਿਸੇ 'ਤੇ ਜ਼ੋਰ ਨਹੀਂ ਪਾ ਸਕਦੇ ਪਰ ਅਸੀਂ ਕੌਮ ਨੂੰ ਹਲੂਣਾ ਤਾਂ ਦੇ ਸਕਦੇ ਹਾਂ ਕਿ ਘੱਟ ਤੋਂ ਘੱਟ ਧੰਨ ਗੁਰੂ ਨਾਨਕ ਪਾਤਿਸਾਹ ਜੀ ਦੇ ਗੁਰਪੁਰਬ ਮੌਕੇ ਗੁਰਦੁਆਰਿਆਂ ਦੀ ਸਟੇਜਾਂ ਦੀ ਇਸ ਤਰ੍ਹਾਂ ਗ਼ਲਤ ਵਰਤੋਂ ਤਾਂ ਨਾ ਕੀਤੀ ਜਾਵੇ।

 

ਸਵਾਲ : ਤੁਸੀਂ ਸੰਗਤ ਨਾਲ ਵੀ ਰੋਸ ਪ੍ਰਗਟ ਕੀਤਾ। ਤੁਹਾਨੂੰ ਇਹ ਕਿਉਂ ਜ਼ਰੂਰੀ ਲੱਗਿਆ ਕਿ ਕੌਮ ਦੀ ਜ਼ਮੀਰ ਨੂੰ ਹਲੂਣਾ ਦੇਣਾ ਬਹੁਤ ਜ਼ਰੂਰੀ ਹੈ?

ਜਵਾਬ : ਜੋ ਹੋ ਰਿਹਾ ਹੈ ਉਹ ਹੋਈ ਜਾ ਰਿਹਾ ਹੈ ਪਰ ਕੋਈ ਵੀ ਇਸ ਦੇ ਵਿਰੋਧ ਵਿਚ ਨਹੀਂ ਬੋਲਦਾ। ਅਸੀਂ ਰੌਲੇ-ਰੱਪੇ ਵਿਚ ਹੀ ਰਹਿ ਜਾਂਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਸੀਂ ਸਭ ਨਾਮ ਜੱਪਣ ਲਈ ਇਕੱਠੇ ਹੁੰਦੇ ਹਾਂ। ਅਸੀਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਅਤੇ ਪ੍ਰਕਾਸ਼ ਵਿਚ ਜਾਣ ਦੀ ਗੱਲ ਕਰਦੇ ਹਾਂ। ਪੰਥ ਦੇ ਦੋਖੀਆਂ ਨੂੰ ਅਸੀਂ ਐਨੇ ਪਵਿੱਤਰ ਦਿਹਾੜੇ ਮੌਕੇ ਕਿਸ ਤਰ੍ਹਾਂ ਸਨਮਾਨਿਤ ਕਰ ਸਕਦੇ ਹਾਂ? ਪਹਿਲੀ ਗੱਲ ਤਾਂ ਨਾਮ ਤੋਂ ਬਗ਼ੈਰ, ਸਟੇਜ 'ਤੇ ਊਲ ਜਲੂਲ ਹਰਕਤਾਂ ਕਰ ਕੇ ਧਰਮ ਦੀ ਖੇਡ ਕਿਸ ਤਰ੍ਹਾਂ ਖੇਡ ਸਕਦੇ ਹਾਂ? ਆਮ ਤੌਰ 'ਤੇ ਆਪਾਂ ਘਰਾਂ ਵਿਚ ਜਿਸ ਨਾਲ ਨਹੀਂ ਵਰਤਣਾ ਉਸ ਨਾਲ ਵੀ ਸਭ ਨਾਲ ਸਾਂਝ ਭਿਆਲੀ ਰੱਖਦੇ ਹਾਂ ਕਿ ਇਹ ਬਾਅਦ ਵਿਚ ਸਾਡੇ ਕੰਮ ਆਵੇਗਾ ਪਰ ਘੱਟ ਤੋਂ ਘੱਟ ਗੁਰੂ ਨਾਨਕ ਦਾ ਘਰ ਤਾਂ ਛੱਡ ਦੇਣਾ ਚਾਹੀਦਾ।

 

ਸਵਾਲ : ਸੋ ਉਥੇ ਰਹਿ ਕੇ ਮਜਬੂਰੀ ਦਾ ਦਾਅਵਾ ਨਾ ਕਰੋ। ਕੀ ਲਗਦਾ ਇਹ ਕਿਸ ਦਾ ਸੰਕੇਤ ਹੈ?

ਜਵਾਬ : ਹਾਂ ਜੀ, ਮਜਬੂਰੀ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਇਹ ਸੰਕੇਤ ਸਾਡੇ ਅਵੇਸਲੇਪਨ ਦਾ ਹੈ। ਇਸ ਲਈ ਹੀ ਮੈਂ ਬੋਲਿਆਂ ਹਾਂ ਕਿ ਜਾਗੋ, ਅਸੀਂ ਸੁੱਤੇ ਕਿਉਂ ਹਾਂ। ਜੇਕਰ ਅੱਜ ਵੀ ਅਸੀਂ ਚੁੱਪ ਰਹੇ ਤਾਂ ਫਿਰ ਬੋਲਾਂਗੇ ਕਦੋਂ। ਸਿਰੋਪਾਓ ਜਾਂ ਸਨਮਾਨ ਦੇਣ ਦੀ ਇੱਕ ਮਰਿਆਦਾ ਹੈ। ਗੁਰੂ ਨਾਨਕ ਦੇ ਘਰ ਤੋਂ ਸਿਰੋਪਾਓ ਮਿਲਣ ਦਾ ਮਤਲਬ ਹੈ ਕਿ ਸਿਰ ਤੋਂ ਪੈਰਾਂ ਤੱਕ ਪੱਤ ਢੱਕੀ ਜਾ ਰਹੀ ਹੈ ਅਤੇ ਇਸ ਦਾ ਹੱਕਦਾਰ ਸਿਰਫ਼ ਪੰਥ ਅਤੇ ਕੌਮ ਲਈ ਕੁਝ ਕਰ ਗੁਜ਼ਰਨ ਵਾਲਾ ਹੀ ਹੁੰਦਾ ਹੈ। ਕਿਸ਼ਨ ਨੂੰ ਵੀ ਸਿਰੀ ਸਾਹਿਬ, ਸਿਰੋਪਾਓ ਜਾਂ ਸਨਮਾਨ ਚਿੰਨ੍ਹ ਦੇ ਕੇ ਇਸ ਤਰ੍ਹਾਂ ਖਿਲਵਾੜ ਨਹੀਂ ਕੀਤਾ ਜਾ ਸਕਦਾ। ਮਸਲਨ, ਸਕੂਲਾਂ ਕਾਲਜਾਂ ਵਿਚ ਡਿਗਰੀਆਂ ਮਿਲਦੀਆਂ ਹਨ। ਬਿਨ੍ਹਾ ਪੜ੍ਹਾਈ ਤੋਂ ਮਿਲੀ ਨਕਲੀ ਡਿਗਰੀ ਕਿਥੋਂ ਤੱਕ ਮਾਨਤਾ ਪ੍ਰਾਪਤ ਕਰ ਸਕਦੀ ਹੈ? ਗੁਰਦੁਆਰਾ ਸਾਹਿਬ ਵਿਚ ਕਿਸੇ ਨੂੰ ਵੀ ਸਨਮਾਨਿਤ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਦਾ ਵੀ ਇੱਕ ਤੈਅ ਪੈਮਾਨਾਂ ਹੁੰਦਾ ਹੈ।

ਸਵਾਲ : ਜੇਕਰ ਪੈਮਾਨੇ ਅਨੁਸਾਰ ਸਨਮਾਨ ਨਾ ਹੋਵੇ ਤਾਂ ਵਿਰੋਧ ਕਰਨਾ ਚਾਹੀਦਾ? ਤੁਹਾਨੂੰ ਨਹੀਂ ਲਗਦਾ ਕਿ ਇਸ ਵਿਰੋਧ ਨਾਲ ਪਾੜਾ ਵੀ ਪੈ ਸਕਦਾ ਹੈ?

ਜਵਾਬ : ਵਿਰੋਧ ਕਰਨ ਦੇ ਵੀ ਬਹੁਤ ਤਰੀਕੇ ਹੁੰਦੇ ਹਨ। ਸਾਨੂੰ ਹੱਲਾ ਨਹੀਂ ਕਰਨਾ ਚਾਹੀਦਾ, ਇੱਕ ਤਰੀਕੇ ਨਾਲ ਵਿਰੋਧ ਕਰਨਾ ਚਾਹੀਦਾ ਹੈ।

ਸਵਾਲ : ਤੁਸੀਂ ਮਾਂਹ ਦੀ ਦਾਲ ਨੂੰ ਲੈ ਕੇ ਬਿਆਨ ਦਿੱਤਾ। ਸੰਗਤ ਨੇ ਕਿਹਾ ਕਿ ਇਹ ਬਾਬੇ ਨਾਨਕ ਦੇ ਲੰਗਰ ਬਾਰੇ ਗੱਲ ਕਹੀ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?

ਜਵਾਬ : ਮੇਰੇ ਕਹਿਣ ਦਾ ਮਕਸਦ ਇਹ ਨਹੀਂ ਕਿ ਲੰਗਰ ਮਾੜਾ ਹੋ ਗਿਆ। ਮੈਂ ਇਹ ਕਿਹਾ ਹੈ ਕਿ ਤੁਸੀਂ ਸਿਰਫ਼ ਲੰਗਰ ਖਾਣ ਕਿਉਂ ਆਉਂਦੇ ਹੋ। ਗੁਰਦੁਆਰਾ ਸਾਹਿਬ ਵਿਚ ਆਏ, ਇੱਕ ਪਿਕਨਿਕ ਵਾਂਗ ਲੰਗਰ ਖਾਧਾ ਅਤੇ ਚਲੇ ਗਏ। ਉਥੇ ਜੋ ਕੁਝ ਹੋ ਰਿਹਾ ਹੈ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਗੁਰਪੁਰਬ ਮੌਕੇ ਗੁਰੂ ਘਰ ਵਿਚ ਕਥਾ ਕੀਰਤਨ ਸਰਵਣ ਕਰਨ ਜਾਂਦੇ ਹਾਂ ਨਾ ਕਿ ਸਿਰਫ਼ ਲੰਗਰ ਛਕਣ, ਲੰਗਰ ਉਸ ਸਮੇਂ ਹੀ ਛਕਾਂਗੇ ਜਦੋਂ ਭੁੱਖ ਲੱਗੇਗੀ। ਮੌਜੂਦਾ ਸਮੇਂ ਵਿਚ ਅਸੀਂ ਮੁੱਖ ਕੰਮ ਨੂੰ ਇੱਕ ਪਾਸੇ ਕਰ ਦਿੱਤਾ ਹੈ ਅਤੇ ਜੋ ਜ਼ਰੂਰੀ ਨਹੀਂ ਉਸ ਨੂੰ ਤਵੱਜੋ ਦਿਤੀ ਜਾ ਰਹੀ ਹੈ।

ਸਵਾਲ : ਪਤਾ ਲੱਗਾ ਹੈ ਕਿ ਸਟੇਜ 'ਤੇ ਬੋਲਣ ਤੋਂ ਪਹਿਲਾਂ ਤੁਸੀਂ ਸੰਗਤ ਅਤੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਸੀ ਪਰ ਬਾਅਦ ਵਿਚ ਤੁਹਾਨੂੰ ਕਿਉਂ ਲੱਗਾ ਕਿ ਸਟੇਜ 'ਤੇ ਹੀ ਬੋਲਣਾ ਪਵੇਗਾ?

ਜਵਾਬ : ਮੈਂ ਮਿਥਿਆ ਨਹੀਂ ਸੀ ਕਿ ਸਟੇਜ ਤੋਂ ਇਹ ਸਭ ਬੋਲਾਂਗਾ। ਪਹਿਲਾਂ ਮੈਂ ਸੰਗਤ ਨੂੰ ਕਿਹਾ ਸੀ ਕਿ ਤੁਸੀਂ ਇਹ ਸਭ ਹੋਣ ਤੋਂ ਰੋਕ ਲਓ ਤਾਂ ਕਿ ਕੁਝ ਵੀ ਗ਼ਲਤ ਨਾ ਹੋਵੇ। ਪ੍ਰਕਾਸ਼ ਦਿਹਾੜੇ ਨੂੰ ਇਸ ਦਿਹਾੜੇ ਦੇ ਰੂਪ ਵਿਚ ਹੀ ਮਨਾਈਏ ਕੋਈ ਖੱਜਲ ਖੁਆਰੀ ਨਾ ਹੋਵੇ। ਭਾਵੇਂ ਕਿ ਉਹ ਆਇਆ ਸੀ, ਉਸ ਦਾ ਕੋਈ ਰੋਸ ਨਹੀਂ, ਸੰਗਤ ਦੇ ਰੂਪ ਵਿਚ ਮੱਥਾ ਟੇਕੇ, ਪ੍ਰਸਾਦ ਛਕੇ ਅਤੇ ਚਲਾ ਜਾਵੇ। ਜੇਕਰ ਸਟੇਜ ਦੀ ਗ਼ਲਤ ਵਰਤੋਂ ਨਹੀਂ ਕਰੋਗੇ ਤਾਂ ਕੋਈ ਪੁਆੜੇ ਵਾਲੀ ਗੱਲ ਨਹੀਂ ਹੋਵੇਗੀ।

 

ਸਵਾਲ : ਜਦੋਂ ਤੁਸੀਂ ਸੰਗਤ ਦੇ ਜ਼ਮੀਰ ਨੂੰ ਹਲੂਣਾ ਦੇ ਰਹੇ ਸੀ ਤਾਂ ਖੁਦ ਵੀ ਭਾਵੁਕ ਹੋ ਗਏ। ਕੀ ਕਾਰਨ ਰਿਹਾ? ਕੀ ਅੱਜ ਵੀ ਉਹ ਜ਼ਖਮ ਅੱਲ੍ਹੇ ਹਨ ਜਾਂ ਉਹ ਘਟਨਾਕ੍ਰਮ ਅੱਜ ਵੀ ਤੰਗ ਕਰਦੇ ਹਨ?

ਜਵਾਬ : 1984 ਕਤਲੇਆਮ ਸਮੇਂ ਮੈਂ 9 ਸਾਲ ਦਾ ਸੀ। ਮੇਰੇ ਮਾਤਾ-ਪਿਤਾ ਨੇ ਦੁੱਖ ਝੱਲੇ, ਪਹਿਲਾਂ ਸੰਤਾਲੀ ਦੀ ਵੰਡ ਵੇਲੇ ਉਜਾੜਾ ਹੋਇਆ। ਭਾਰਤ ਆ ਕੇ ਇਥੇ ਨੌਕਰੀਆਂ ਕੀਤੀਆਂ ਅਤੇ ਬਹੁਤ ਮੁਸ਼ਕਿਲ ਨਾਲ ਸਥਾਪਿਤ ਹੋਏ ਫਿਰ ਚੁਰਾਸੀ ਕਤਲੇਆਮ ਹੋਇਆ ਜੋ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ। ਮੇਰੇ ਮਾਪੇ ਆਪਣੀਆਂ ਚਾਰ ਧੀਆਂ ਲੈ ਕੇ ਲੁਕਦੇ ਰਹੇ, ਘਰ ਬਾਹਰ ਲੁੱਟੇ ਗਏ, ਇਹ ਬਹੁਤ ਹੀ ਔਖਾ ਸਮਾਂ ਸੀ। ਕਈਆਂ ਦੇ ਜੀਅ ਮਾਰੇ ਗਏ ਤੇ ਕਈਆਂ ਦੀਆਂ ਧੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਗਈਆਂ। ਇਹ ਦੁੱਖ ਕੋਈ ਵੀ ਭੁੱਲਿਆ ਨਹੀਂ ਅਤੇ ਨਾ ਹੀ ਭੁੱਲਣਯੋਗ ਹੈ।

 

ਸਵਾਲ : ਸਿੱਖ ਕਤਲੇਆਮ ਨਹੀਂ ਭੁੱਲਿਆ ਜਾ ਰਿਹਾ, ਨਿਆਂ ਨਹੀਂ ਮਿਲਿਆ? ਕਈਆਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ?

ਜਵਾਬ : ਨਿਆਂ ਤਾਂ ਮਿਲਣਾ ਚਾਹੀਦਾ ਹੈ। ਕਲੀਨ ਚਿੱਟ ਇਥੇ ਹੀ ਮਿਲੀ ਹੈ ਪਰ ਅਗਲੀ ਦਰਗਾਹ ਵਿਚ ਨਹੀਂ ਮਿਲੇਗੀ। ਇਸ ਕਤਲੇਆਮ ਦੇ ਦੋਖੀ ਘਰਾਂ ਵਿਚ ਸਕੂਨ ਕਿਸ ਤਰ੍ਹਾਂ ਲ਼ੱਭ ਲੈਣਗੇ? ਕਲੀਨ ਚਿੱਟ ਤਾਂ ਲੈ ਲਈ ਪਰ ਸਕੂਨ ਰੱਬ ਤੋਂ ਹੀ ਮਿਲੇਗਾ।

 

ਸਵਾਲ : ਤੁਸੀਂ ਕਿਹਾ ਸੀ ਕਿ ਜੇਕਰ ਇਸ ਤਰ੍ਹਾਂ ਹੀ ਕਰਦੇ ਰਹੇ ਤਾਂ ਇਹ ਨਸਲਕੁਸ਼ੀ ਫਿਰ ਹੋਵੇਗੀ। ਇਹ ਡਰ ਕਿਥੋਂ ਪੈਦਾ ਹੋਇਆ?

ਜਵਾਬ : ਜਗਾਉਣ ਵਾਸਤੇ ਤਾੜਨਾ ਦੇਣੀ ਪੈਂਦੀ ਹੈ। ਜੇਕਰ ਇੰਨਾ ਸੌਂ ਜਾਵਾਂਗੇ ਕਿ ਘਰ ਵਿਚ ਕੋਈ ਵੀ ਆ ਜਾਵੇ ਅਤੇ ਉਸ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਗੱਲ ਠੀਕ ਨਹੀਂ। ਮਸਲਤ, ਮੇਰੀ ਕਿਸੇ ਨਾਲ ਲੜਾਈ ਹੋਵੇ ਅਤੇ ਮੇਰੇ ਘਰਵਾਲੇ ਉਸ ਨੂੰ ਸਨਮਾਨਿਤ ਕਰਨ ਤਾਂ ਮੈਂ ਇਹੀ ਕਹਾਂਗਾ ਨਾ ਕਿ ਮੈਂ ਘਰ ਵਿਚ ਕਮਾ ਕਿ ਲਿਆਉਂਦਾ ਹਾਂ ਤੇ ਮੇਰੇ ਘਰ ਵਿਚ ਮੇਰੇ ਹੀ ਦੁਸ਼ਮਣ ਦਾ ਸਨਮਾਨ ਹੋ ਰਿਹਾ ਹੈ। ਫਿਰ ਮੇਰੀ ਵੁੱਕਤ ਕੀ ਰਹੇਗੀ? ਇਸ ਲਈ ਮੈਂ ਆਪਣੇ ਪਰਿਵਾਰ ਨੂੰ ਤਾੜਨਾ ਦੇਵਾਂਗਾ। ਜੋ ਸਾਨੂੰ ਵਿਰਾਸਤ ਮਿਲੀ ਹੈ ਕਿ ਨਾਮ ਜਪੋ, ਵੰਡ ਛਕੋ, ਸ਼ਾਸਤਰ ਸਿੱਖੋ, ਸੰਤ ਸਿਪਾਹੀ ਬਣੋ; ਜੇਕਰ ਇਹ ਵਿਰਾਸਤ ਸੰਭਾਲਣਗੇ ਨਹੀਂ ਤਾਂ ਸਾਡਾ ਹਾਲ ਮਾੜਾ ਹੀ ਹੋਵੇਗਾ।

 

ਸਵਾਲ : ਤੁਹਾਨੂੰ ਕੀਰਤਨ ਪ੍ਰਸਾਰ ਕਰਦੇ ਸਮੇਂ ਬਹੁਤ ਸਮਾਂ ਹੋ ਗਿਆ ਹੈ। ਕੀ ਪਹਿਲਾਂ ਵੀ ਕਦੇ ਸਟੇਜ ਤੋਂ ਅਜਿਹਾ ਹੁੰਦਾ ਦੇਖਿਆ ਹੈ?

ਜਵਾਬ : ਜੀ, ਬਹੁਤ ਵਾਰ ਦੇਖਿਆ ਹੈ ਅਤੇ ਇਸ ਦੇ ਵਿਰੁੱਧ ਬੋਲਿਆ ਵੀ ਹਾਂ। ਇਸ ਵਾਰ ਸੰਗਤ ਨੇ ਵੀ ਇਸ 'ਤੇ ਗੌਰ ਕੀਤਾ ਹੈ ਅਤੇ ਮੀਡੀਆ ਨੇ ਵੀ ਭਰਪੂਰ ਸਾਥ ਦਿੱਤਾ ਹੈ ਕਿਉਂਕਿ ਮੀਡਿਆ ਹੀ ਹੈ ਜੋ ਇੱਕ ਸੁਨੇਹੇ ਨੂੰ ਘਰ-ਘਰ ਤੱਕ ਲੋਕਾਂ ਕੋਲ ਪਹੁੰਚ ਸਕਦਾ ਹੈ। ਮੈਂ ਇਸ ਲਈ ਸ਼ੁਕਰਗੁਜ਼ਾਰ ਹਾਂ।

 

ਸਵਾਲ : ਇਸ ਵਾਕਿਆ ਤੋਂ ਬਾਅਦ ਸਭ ਦੇ ਜ਼ਖ਼ਮ ਅੱਲੇ ਹੋ ਗਏ ਤੇ ਸਭ ਨੂੰ ਯਾਦ ਆ ਗਿਆ ਕਿ ਹੁਣ ਚੁਰਾਸੀ ਦੇ ਦਿਨ ਚੱਲ ਰਹੇ ਹਨ। ਇਸ ਤੋਂ ਪਹਿਲਾਂ ਵੀ ਬਹੁਤ ਸਟੇਜਾਂ ਲੱਗੀਆਂ ਪਰ ਸਿਆਸਤ ਕਰਨ ਵੇਲੇ ਹੀ ਇਹ ਵਕਤ ਯਾਦ ਕੀਤਾ ਜਾਂਦਾ ਉਸ ਤੋਂ ਬਿਨਾਂ ਕਿਸੇ ਨੇ ਵੀ ਸਿੱਖ ਕਤਲੇਆਮ ਦੀ ਗੱਲ ਨਹੀਂ ਕੀਤੀ।

ਜਵਾਬ : ਇਹ ਸਾਡਾ ਅਵੇਸਲਾਪਨ ਹੀ ਹੈ। ਉਸ ਅਵੇਸਲੇਪਨ ਨੂੰ ਦੂਰ ਕਰਨ ਲਈ ਹੀ ਗੁਰੂ ਸਾਹਿਬ ਨੇ ਮੇਰਾ ਭਾਂਡਾ ਵਰਤਿਆ ਅਤੇ ਮੈਂ ਰੋਸ ਵਿਚ ਆਇਆ ਅਤੇ ਕੌਮ ਨੂੰ ਹਲੂਣਾ ਦਿੱਤਾ। ਮੇਰੇ ਇਸ ਹਲੂਣੇ ਨਾਲ ਕੌਮ ਜਾਗੀ ਵੀ ਹੈ।

 

ਸਵਾਲ : ਤੁਸੀਂ ਸੰਗਤ ਨੂੰ ਸੰਬੋਧਿਤ ਹੁੰਦਾ ਕਿਹਾ ਸੀ ਕਿ ਤੁਹਾਡੇ 'ਚ ਦਮ ਨਹੀਂ, ਜ਼ਮੀਰ ਨਹੀਂ ਹੈ। ਨਹੀਂ ਤਾਂ ਅਜਿਹਾ ਕੁਝ ਨਾ ਹੁੰਦਾ। ਕੀ ਲਗਦਾ ਹੈ ਕਿ ਕਿਸ ਤਰ੍ਹਾਂ ਸਤਰਕ ਸੰਗਤ ਹੋਣੀ ਚਾਹੀਦੀ ਹੈ?

ਜਵਾਬ : ਸਤਰਕ ਸੰਗਤ ਲਈ ਪਹਿਲਾਂ ਤਾਂ ਬਾਣੀ-ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ। ਫਿਰ ਜਦੋ ਸਟੇਜਾਂ 'ਤੇ ਕੁਫ਼ਰ ਤੋਲਿਆ ਜਾਂਦਾ ਹੈ ਤਾਂ ਉਸ ਦੇ ਵਿਰੋਧ ਵਿਚ ਗੁਰਬਾਣੀ ਪੜ੍ਹਨ ਵਾਲੇ ਨੌਜਵਾਨ ਸ਼ਾਂਤਮਈ ਰੋਸ ਕਰ ਸਕਦੇ ਹਨ। ਨੁਮਾਇੰਦੇ ਵੀ ਅਸੀਂ ਖੁਦ ਹੀ ਵੋਟਾਂ ਪਾ ਕੇ ਚੁਣਦੇ ਹਾਂ। ਜੇਕਰ ਸੰਗਤ ਸੁਚੇਤ ਹੋਵੇਗੀ ਤਾਂ ਮੁੜ ਉਨ੍ਹਾਂ ਨੂੰ ਸਟੇਜ 'ਤੇ ਨਹੀਂ ਬੁਲਾਏਗੀ।

 

ਸਵਾਲ : ਤੁਹਾਨੂੰ ਕੀ ਲਗਦਾ ਹੈ ਕਿ ਜਾਗਰੂਕਤਾ ਤੋਂ ਬਾਅਦ ਪੰਥਕ ਸਟੇਜਾਂ 'ਤੇ ਕਾਤਲਾਂ ਨਾਲ ਗਲਵੱਕਡ਼ੀਆਂ ਨਹੀਂ ਪੈਣਗੀਆਂ?

ਜਵਾਬ : ਬਿਲਕੁਲ, ਜੇਕਰ ਜਾਗਰੂਕ ਹੋਣਗੇ ਤਾਂ ਜ਼ਰੂਰ ਅਜਿਹਾ ਹੋਵੇਗਾ ਪਰ ਜੇਕਰ ਸੁਚੇਤ ਨਹੀਂ ਹੋਵੇਗੀ ਤਾਂ ਚਾਰ ਦਿਨ ਮੀਡਿਆ ਵਿਚ ਇਹ ਗੱਲ ਹੋਵੇਗੀ ਫਿਰ ਬੀਤੇ ਦੀ ਗੱਲ ਬਣ ਜਾਵੇਗੀ।

 

ਸਵਾਲ : ਤੁਸੀਂ ਇੱਕ ਸੰਦੇਸ਼ ਸਾਂਝਾ ਕੀਤਾ ਅਤੇ ਵਾਰ-ਵਾਰ ਇਹ ਪੁਕਾਰ ਕੀਤੀ ਕਿ ਇਸ ਨੂੰ ਯਾਦ ਰੱਖਿਓ, ਕਿਤੇ ਚਾਰ ਦਿਨਾਂ ਬਾਅਦ ਵਿਸਾਰ ਨਾ ਦੇਣਾ। ਇਹ ਡਰ ਕਿਉਂ ਕਿ ਅਸੀਂ ਵਿਸਾਰ ਦਿੰਦੇ ਹਾਂ?

ਜਵਾਬ : ਕਿਉਂਕਿ ਅਸੀਂ ਥੋੜੇ ਦਿਨ ਬਾਅਦ ਅਹਿਮ ਗੱਲ ਨੂੰ ਵੀ ਵਿਸਾਰ ਦਿੰਦੇ ਹਾਂ। ਇਹ ਇਸ ਲਈ ਕਿਉਂਕਿ ਸਾਨੂੰ ਤੜਕਦੀ ਭੜਕਦੀ ਖੇਡ ਚਾਹੀਦੀ ਹੈ ਜਿਸ 'ਤੇ ਚਾਰ ਦਿਨ ਬਹੁਤ ਬਹਿਸ ਹੁੰਦੀ ਹੈ ਪਰ ਪੰਜਵੇਂ ਦਿਨ ਵਿਸਾਰ ਦਿੰਦੇ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਵਲੋਂ ਦਿੱਤਾ ਇਹ ਹਲੂਣਾ ਅਜਾਈਂ ਨਹੀਂ ਜਾਵੇਗਾ। ਕੌਮ ਇਸ ਨੂੰ ਯਾਦ ਰੱਖੇਗੀ ਅਤੇ ਸਟੇਜਾਂ 'ਤੇ ਵੀ ਇੱਕ ਤਬਦੀਲੀ ਆਵੇਗੀ। ਪ੍ਰਬੰਧਕਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਭੁੱਲ ਭੁਲੇਖੇ ਵੀ ਗਲਤੀਆਂ ਹੋ ਜਾਂਦੀਆਂ ਹਨ ਪਰ ਅਸੀਂ ਗੁਰੂ ਨਾਨਕ ਦੀ ਸਟੇਜ ਤੋਂ ਗੁਰੂ ਅਤੇ ਧਰਮ ਦੀ ਗੱਲ ਕਰੀਏ ਜਿਸ ਨਾਲ ਸੰਤ ਵਿਚ ਸਰਬ ਸਾਂਝੀਵਾਲਤਾ ਦਾ ਸੁਨੇਹਾ ਜਾਵੇਗਾ। ਜੋ ਸੀਟਾਂ ਜਾਂ ਅਹੁਦੇ ਤੁਸੀਂ ਲੈਣਾ ਚਾਹੁੰਦੇ ਹੋ ਉਹ ਇਸ ਤਰ੍ਹਾਂ ਚੰਗੇ ਕੰਮ ਕਰਨ ਨਾਲ ਵੀ ਮਿਲ ਜਾਣਗੇ ਤੇ ਦਰਗਾਹ ਵਿਚ ਵੀ ਮਾਣ-ਸਨਮਾਨ ਬਣੇਗਾ। ਜੇਕਰ ਹੁਣ ਵੀ ਸੁਚੇਤ ਨਹੀਂ ਹੋਏ ਤਾਂ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਤੁਹਾਡਾ ਪੁੱਤਰ ਹੀ ਆ ਕੇ ਕਹੇਗਾ ਕਿ ਬਾਪੂ ਇਹ ਕੰਮ ਨਹੀਂ ਕਰਨਾ, ਜੇਕਰ ਤੁਸੀਂ ਆਵਾਜ਼ ਨਹੀਂ ਚੁੱਕਣੀ ਤਾਂ ਮੈਂ ਬੋਲਾਂਗਾ।

 

ਸਵਾਲ : ਤੁਹਾਡੇ ਤੱਕ ਵੀ ਬਹੁਤ ਸੰਗਤ ਦੀਆਂ ਦੁਆਵਾਂ ਆਈਆਂ ਹੋਣਗੀਆਂ ਕਿ ਕੋਈ ਤਾਂ ਆਪਣੇ ਪੱਧਰ 'ਤੇ ਬੋਲਿਆ ਅਤੇ ਪੰਥ ਲਈ ਆਵਾਜ਼ ਬੁਲੰਦ ਕੀਤੀ। ਇਸ ਤੋਂ ਬਾਅਦ ਤੁਹਾਡੇ ਵਿਚ ਕੋਈ ਬਦਲਾਅ ਆਇਆ?

ਜਵਾਬ : ਪਹਿਲਾਂ ਮੈਂ ਸੋਚਦਾ ਸੀ ਕਿ ਮੈਂ ਸਿਰਫ਼ ਕੀਰਤਨ ਹੀ ਕਰਾਂਗਾ, ਕਥਾ ਨਹੀਂ ਕਰਾਂਗਾ ਕਿਉਂਕਿ ਜਦੋਂ ਚਾਰ ਸ਼ਬਦ ਬੋਲੇ ਜਾਂਦੇ ਹਨ ਤਾਂ ਕਿਤੇ ਨਾ ਕਿਤੇ ਕੋਈ ਗ਼ਲਤੀ ਹੋ ਜਾਂਦੀ ਹੈ। ਅੱਜ ਕੱਲ ਸੋਸ਼ਲ ਮੀਡਿਆ ਦਾ ਜ਼ਮਾਨਾਂ ਹੈ ਅਤੇ ਲੋਕ ਇੱਕ ਮਿੰਟ ਵਿਚ ਉਸ ਗ਼ਲਤੀ ਨੂੰ ਵਾਇਰਲ ਕਰ ਕੇ ਬੋਲਣ ਵਾਲੇ ਦੀ ਪੱਤ ਰੋਲ ਦਿੰਦੇ ਹਨ। ਇਸ ਲਈ ਹੀ ਮੈਂ ਸਿਰਫ਼ ਕੀਰਤਨ ਕਰ ਕੇ ਆਪਣੀ ਜ਼ਿੰਦਗੀ ਵਾਹਿਗੁਰੂ ਦੇ ਚਰਨਾਂ ਵਿਚ ਵੱਕਫ਼ ਕਰਨਾ ਚਾਹੁੰਦਾ ਸੀ ਪਰ ਉਸ ਦਿਨ ਰੋਸ ਵਿਚ ਜੋ ਬੋਲਿਆ ਗਿਆ ਉਸ ਨੂੰ ਸੰਗਤ ਦਾ ਬਹੁਤ ਹੁੰਗਾਰਾ ਮਿਲਿਆ। ਸੰਗਤ ਨੂੰ ਇੱਕ ਆਸ ਬੱਝੀ ਹੈ ਕਿ ਕੋਈ ਤਾਂ ਹੈ ਜੋ ਇਸ ਬਾਰੇ ਬੋਲਿਆ ਹੈ।

 

ਸਵਾਲ : ਉਸ ਵੇਲੇ ਤੁਸੀਂ ਆਪਣੇ ਫ਼ਰਜ਼ ਨੂੰ ਪਛਾਣਿਆ ਅਤੇ ਰੋਸ ਵਿਚ ਉਹ ਬੋਲ ਬੋਲੇ। ਇਹ ਵੀ ਕਿਹਾ ਕਿ ਸਿੱਖ ਕੌਮ ਵਿਚ ਅਵੇਸਲਾਪਨ ਹੈ। ਸਿੱਖ ਕੌਮ ਵੀ ਆਪਣਾ ਫ਼ਰਜ਼ ਪਛਾਣੇ ਕਿਉਂਕਿ ਜਿਸ ਤਰ੍ਹਾਂ ਸਾਡੀਆਂ ਪੰਥਕ ਪਾਰਟੀਆਂ ਧਰਮ ਦੀ ਲੁੱਟ-ਖਸੁੱਟ ਕਰ ਰਹੀਆਂ ਹਨ। ਗੁਰਦੁਆਰਾ ਸਾਹਿਬ ਵਿਚ ਜਾ ਕੇ ਕਈ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਹਨ। ਜਿਨ੍ਹਾਂ ਤੋਂ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਵਰਜਿਆ ਹੈ, ਗੁਰੂ ਸਾਹਿਬ ਦੇ ਨਾਮ 'ਤੇ ਸੰਗਤ ਨੂੰ ਬੁਲਾ ਕੇ ਅਸੀਂ ਉਹ ਸਭ ਕਰ ਰਹੇ ਹਾਂ। ਯਾਨੀ ਪਖੰਡਵਾਦ ਵਧਿਆ ਹੈ। ਇਸ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਜਵਾਬ : ਸਾਰੇ ਗੁਰਬਾਣੀ ਪੜ੍ਹੋ ਅਤੇ ਸਰਵਣ ਕਰੋ। ਜਦੋਂ ਸਾਰੇ ਅੰਮ੍ਰਿਤਵੇਲੇ ਸੰਭਾਲਣਗੇ ਤਾਂ ਸਾਡੇ ਅੰਦਰੋਂ ਸੁਚੇਤਤਾ ਪੈਦਾ ਹੋਵੇਗੀ।

 

ਸਵਾਲ : ਜਿਵੇਂ ਅਸੀਂ ਕਿਹਾ ਕਿ ਗੁਰੂ ਘਰਾਂ ਵਿਚ ਬਹੁਤ ਜ਼ਿਆਦਾ ਪਖੰਡਵਾਦ ਹੈ, ਜੇਕਰ ਗੁਰੂ ਦੀ ਖ਼ਾਤਰ ਆਪਣਿਆਂ ਨਾਲ ਜੰਗ ਲੜਨੀ ਪਈ ਤਾਂ ਬੋਲੋਗੇ? ਜਿਵੇਂ ਤੁਸੀਂ ਕਿਹਾ ਸੀ ਕਿ ਗੋਲਕ ਤੱਕ ਸੋਚ ਸੀਮਤ ਹੋ ਚੁੱਕੀ ਹੈ।

ਜਵਾਬ : ਜੀ, ਸੁਚੇਤ ਤਾਂ ਮੈਂ ਕਰ ਹੀ ਰਿਹਾ ਹਾਂ। ਸੀਮਤ ਤਾਂ ਹੋਏ ਹਨ ਪਰ ਤਬਦੀਲੀ ਤਾਂ ਸਾਰਿਆਂ ਵਿਚ ਹੋਣੀ ਜ਼ਰੂਰੀ ਹੈ। ਉਨ੍ਹਾਂ ਨੂੰ ਵੀ ਬਦਲਣਾ ਪਵੇਗਾ। ਜਦੋਂ ਸੰਗਤ ਸੁਚੇਤ ਹੋ ਗਈ ਤਾਂ ਆਗੂ ਨੂੰ ਵੀ ਬਦਲਣਾ ਪਵੇਗਾ, ਇਹ ਉਨ੍ਹਾਂ ਦੀ ਮਜਬੂਰੀ ਵੀ ਹੋ ਜਾਵੇਗੀ ਕਿਉਂਕਿ ਜਨਤਾ ਜਾਗਰੂਕ ਹੋ ਜਾਵੇ ਤਾਂ ਕੋਈ ਵੀ ਆਗੂ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਕਰ ਸਕਦਾ। ਇਹ ਸਾਰੀਆਂ ਗੜਬੜੀਆਂ ਵੀ ਤਾਂ ਹੀ ਹੋ ਰਹੀਆਂ ਹਨ, ਜਦੋਂ ਸਾਨੂੰ ਸੋਝੀ ਆ ਗਈ ਤਾਂ ਕੋਈ ਵੀ ਸਾਡੇ 'ਤੇ ਰਾਜ ਨਹੀਂ ਕਰ ਸਕਦਾ।

 

ਸਵਾਲ : ਇਕ ਸੰਦੇਸ਼ ਜ਼ਰੀਏ ਤੁਸੀਂ ਸੰਗਤ ਵਿਚ ਚੁਰਾਸੀ ਦੇ ਅੱਲੇ ਜ਼ਖ਼ਮਾਂ ਨੂੰ ਛੇੜਿਆ। ਨੌਜਵਾਨ ਪੀੜ੍ਹੀ ਜੋ ਇਸ ਜਾਣੂੰ ਨਹੀਂ ਸਨ ਉਨ੍ਹਾਂ ਨੇ ਵੀ ਇਹ ਵਾਕਿਆ ਜਾਨਣ ਲਈ ਦਿਲਚਸਪੀ ਦਿਖਾਈ। ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਜਵਾਬ : ਸੰਸਾਰਕ ਤੌਰ 'ਤੇ ਕੁਝ ਵੀ ਹੋਵੇ ਪਰ ਪਰਮੇਸ਼ਰ ਦੀ ਦਰਗਾਹ ਵਿਚ ਸਭ ਨਾਲ ਇਨਸਾਫ ਹੁੰਦਾ ਹੈ ਅਤੇ ਉਥੇ ਪੂਰਾ ਲੇਖਾ ਵੀ ਦੇਣਾ ਪੈਂਦਾ ਹੈ। ਸਾਨੂੰ ਦੁੱਖ ਹੈ ਕਿ ਆਪਣੇ ਬੰਦੇ ਅਵੇਸਲੇ ਅਤੇ ਲਾਚਾਰ ਨਾ ਹੋਣ। ਅਸੀਂ ਮਾਤਾ ਸਾਹਿਬ ਕੌਰ ਦੇ ਪੁੱਤ ਹਾਂ, ਲਾਚਾਰ ਨਾ ਹੋਈਏ ਸਗੋਂ ਉਨ੍ਹਾਂ ਦੇ ਪਿਆਰ ਵਿਚ ਜੀਵੀਏ। ਇੱਕ-ਇੱਕ ਮਾਂ ਦੇ ਚਾਰ-ਚਾਰ ਪੁੱਤਰ ਗੱਲਾਂ ਵਿਚ ਟਾਇਰ ਪਾ ਕੇ ਮੌਤ ਦੇ ਘਾਟ ਉਤਾਰ ਦਿਤੇ ਗਏ। ਸਿੱਖ ਨਸਲਕੁਸ਼ੀ ਵਿਚ ਜਾਨਾਂ ਗਵਾਉਣ ਵਾਲੇ ਸਾਡੇ ਆਪਣੇ ਪਿਆਰੇ ਸਨ ਅਸੀਂ ਉਸ ਦਰਦ ਨੂੰ ਕਦੇ ਨਾ ਭੁੱਲੀਏ। ਸਾਨੂੰ ਆਪਣੇ-ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਐਸਾ ਸਮਾਂ ਨਾ ਆਵੇ ਕਿ ਸਾਨੂੰ ਦੁਬਾਰਾ ਉਹ ਦੌਰ ਦੇਖਣਾ ਪਵੇ।

 

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

 

MP Ex-CM Kamal Nath ਸਾਹਮਣੇ ਸਿੱਖਾਂ ਨੂੰ ਵੰਗਾਰਨ ਵਾਲੇ Manpreet Singh Ji Kanpuri ਦਾ Exclusive Interview

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement