
Punjab News: ਸਰਪੰਚ ਨੇ ਆਪਣੇ ਘਰ ਵਿਖੇ ਕਰਵਾਇਆ ਸੀ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ
Punjab News: “ਲੈ ਲਾ ਤੂੰ ਸਰਪੰਚੀ, ਵੇ ਸਰਕਾਰੀ ਪੈਸਾ ਖਾਵਾਂਗੇ" ਇਹ ਗੀਤ ਅਕਸਰ ਜਦੋਂ ਪੰਚਾਇਤੀ ਵੋਟਾਂ ਆਉਂਦੀਆਂ ਨੇ ਤਾਂ ਉਦੋਂ ਕਈ ਵਾਰ ਸੁਣਨ ਨੂੰ ਮਿਲ ਜਾਂਦਾ ਹੈ। ਪਰ ਹੁਣ ਸਮਾਂ ਬਹੁਤ ਬਦਲਦਾ ਜਾ ਰਿਹਾ ਹੈ। ਸਰਪੰਚੀ ਸੂਝਵਾਨ ਨੌਜਵਾਨ ਦੇ ਹੱਥ ਵਿੱਚ ਆ ਰਹੀ ਹੈ। ਜੋ ਕਿ ਨੌਜਵਾਨ ਇਸ ਗੀਤ ਨੂੰ ਬਿਲਕੁਲ ਹੀ ਫੇਲ੍ਹ ਕਰ ਰਹੇ ਹਨ। ਨਵੇਂ ਬਣੇ ਸਰਪੰਚਾਂ ਦੀ ਸੋਚ ਆਪਣੇ ਪਿੰਡ ਨੂੰ ਵਿਕਾਸ ਦੀ ਲੀਹ ’ਤੇ ਲੈ ਕੇ ਜਾਣ ਦੀ ਹੈ।
ਮਾਛੀਵਾੜਾ ਸਾਹਿਬ ਦੇ ਪਿੰਡ ਗੜ੍ਹੀ ਬੇਟ ਵਿੱਚ ਚੁਣੇ ਗਏ ਨਵੇਂ ਸਰਪੰਚ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਇਸ ਵਾਰ ਪੰਚਾਇਤੀ ਚੋਣਾਂ ਵਿੱਚ ਪਿੰਡ ਦੇ ਲੋਕਾਂ ਨੇ ਸਤਬਲਿਹਾਰ ਸਿੰਘ ਨੂੰ ਆਪਣਾ ਸਰਪੰਚ ਚੁਣਿਆ।
ਸਰਪੰਚ ਚੁਣੇ ਜਾਣ ‘ਤੇ ਪਿੰਡ ਦੇ ਸਰਪੰਚ ਨੇ ਆਪਣੇ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ ਅਤੇ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਉਸ ਵੱਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ।
ਇਸ ਮੌਕੇ ਸਰਪੰਚ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਸੋਨੇ ਦੀ ਮੁੰਦਰੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ।
ਮਾਛੀਵਾੜਾ ਦੇ ਪਿੰਡ ਗੜ੍ਹੀ ਬੇਟ ਦੇ ਲੋਕਾਂ ਨੇ ਸਤਬਲਿਹਾਰ ਸਿੰਘ ਨੂੰ ਪੰਚਾਇਤੀ ਚੋਣਾਂ ਦੇ ਦੌਰਾਨ ਆਪਣੇ ਪਿੰਡ ਦਾ ਸਰਪੰਚ ਚੁਣਿਆ ਸੀ। ਸਰਪੰਚ ਬਣਨ ਤੋਂ ਬਾਅਦ ਸਦ ਬਲਿਹਾਰ ਸਿੰਘ ਦੇ ਘਰ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਸੀ ਅਤੇ ਪਰਿਵਾਰ ਨੇ ਆਪਣੇ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ।
ਇਸ ਮੌਕੇ ਉਹਨਾਂ ਨੇ ਸਿਰੋਪਾਓ ਪਾ ਕੇ ਕਰ ਵਿਖੇ ਆਏ ਗ੍ਰੰਥੀ ਸਿੰਘਾਂ ਦਾ ਸਨਮਾਨ ਕੀਤਾ ਅਤੇ ਨਾਲ ਹੀ ਉਹਨਾਂ ਨੂੰ ਸੋਨੇ ਦੀਆਂ ਮੁੰਦਰੀਆਂ ਵੀ ਭੇਟ ਕੀਤੀਆਂ।
ਸਰਪੰਚ ਨੇ ਕਿਹਾ ਕਿ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਮੈਂ ਇਸ ਸਮਾਗਮ ਦਾ ਆਯੋਜਨ ਕੀਤਾ ਅਤੇ ਗ੍ਰੰਥੀ ਸਿੰਘਾਂ ਪ੍ਰਤੀ ਆਦਰ-ਸਤਿਕਾਰ ਨੂੰ ਪ੍ਰਗਟਾਉਂਦੇ ਹੋਏ ਅਸੀਂ ਉਹਨਾਂ ਦਾ ਸਨਮਾਨ ਕੀਤਾ।
ਗੁਰੂ ਦਾ ਸ਼ੁਕਰਾਨਾ ਕਰਨ ਲਈ ਨਵੇਂ ਬਣੇ ਸਰਪੰਚ ਨੇ ਆਪਣੇ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ ਜਿਸ ਵਿੱਚ ਸਮੂਹ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗੁਰੂ ਕਾ ਕੀਰਤਨ ਹੋਇਆ।
ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਹੋਇਆ ਸੀ। ਗੱਲ ਇੱਥੇ ਨਹੀਂ ਖਤਮ ਹੁੰਦੀ,ਗੁਰੂ ਪ੍ਰਤੀ ਨਵੇਂ ਬਣੇ ਸਰਪੰਚ ਦਾ ਪਿਆਰ ਅਤੇ ਸਤਿਕਾਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਗੁਰੂ ਘਰ ਦੇ ਪੰਜ ਗ੍ਰੰਥੀ ਸਿੰਘਾਂ ਨੂੰ ਸਿਰੋਪਾਓ ਪਾ ਕੇ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਨਿਵਾਜਿਆ। ਸਮਰਾਲੇ ਦਾ ਇਹ ਸ਼ਾਇਦ ਪਹਿਲਾ ਪਿੰਡ ਹੋਵੇਗਾ ਜਿਸ ਵਿੱਚ ਨਵੇਂ ਸਰਪੰਚ ਵੱਲੋਂ ਇਨ੍ਹੀਂ ਵੱਡੀ ਦਰਿਆ ਦਿਲੀ ਗ੍ਰੰਥੀ ਸਿੰਘਾਂ ਨੂੰ ਇਹ ਸਭ ਭੇਟਾ ਕਰਕੇ ਦਿਖਾਈ ਗਈ।
ਇਸ ਪ੍ਰਤੀ ਜਦੋਂ ਸਰਪੰਚ ਸਤਬਲਿਹਾਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵਿਆਹ-ਸ਼ਾਦੀਆਂ ‘ਤੇ ਲੱਖਾਂ ਰੁਪਏ ਹੀ ਖਰਚ ਦਿੰਦੇ ਹਾਂ। ਜਿਹੜੇ ਗ੍ਰੰਥੀ ਸਿੰਘ ਸਵੇਰੇ ਤੜਕ-ਸਾਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਕੇ ਸਾਨੂੰ ਗੁਰੂ ਨਾਲ ਜੋੜਦੇ ਹਨ, ਅਸੀਂ ਉਨਾਂ ਨੂੰ ਹੀ ਅਕਸਰ ਭੁੱਲ ਜਾਂਦੇ ਹਾਂ। ਜੋ ਸਾਨੂੰ ਗੁਰੂ ਅਤੇ ਗੁਰੂ ਦੀ ਬਾਣੀ ਨਾਲ ਜੋੜਦੇ ਹਨ ਉਹਨਾਂ ਦਾ ਮਾਣ-ਸਤਿਕਾਰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਜੋ ਮੈਂ ਮਾਣ-ਸਤਿਕਾਰ ਗ੍ਰੰਥੀ ਸਿੰਘਾਂ ਦਾ ਕੀਤਾ ਹੈ, ਉਹ ਮੇਰਾ ਨਹੀਂ ਉਹ ਵੀ ਗੁਰੂ ਦਾ ਹੀ ਦਿੱਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਸਬੰਧੀ ਜਦੋਂ ਪਿੰਡ ਗੜ੍ਹੀ ਬੇਟ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਪਿੰਡ ਵਿੱਚ 24 ਸਾਲ ਹੋ ਗਏ ਹਨ ਗ੍ਰੰਥੀ ਸਿੰਘ ਵਜੋਂ ਡਿਊਟੀ ਕਰਦੇ ਨੂੰ ਪਰ ਇਹੋ ਜਿਹਾ ਮਾਣ-ਸਤਿਕਾਰ ਸਾਨੂੰ ਅੱਜ ਤੱਕ ਨਹੀਂ ਦਿੱਤਾ ਗਿਆ।
ਉਹਨਾਂ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਇਸ ਤਰ੍ਹਾਂ ਦੀ ਸੇਧ ਲੈਣੀ ਚਾਹੀਦੀ ਹੈ। ਹਰ ਪਿੰਡ ਵਿੱਚ ਗੁਰੂ ਘਰ ਦੇ ਵਜ਼ੀਰਾਂ ਨੂੰ ਵੱਧ ਤੋਂ ਵੱਧ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਜਿਹੜਾ ਮਾਣ-ਸਤਿਕਾਰ ਸਾਨੂੰ ਪਿੰਡ ਦੇ ਨਵੇਂ ਸਰਪੰਚ ਵੱਲੋਂ ਸੋਨੇ ਦੀਆਂ ਮੁੰਦਰੀਆਂ ਪਾ ਕੇ ਦਿੱਤਾ ਗਿਆ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਹਰ ਗ੍ਰੰਥੀ ਸਿੰਘ ਨੂੰ ਇਸ ਤਰ੍ਹਾਂ ਦਾ ਮਾਨ-ਸਤਿਕਾਰ ਮਿਲੇ।