
ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਸਿੱਧੀ ਭਰਤੀ ਵਾਸਤੇ ਉਪਰਲੀ ਉਮਰ ਹੱਦ 'ਚ ਦਿਤੀ ਢਿੱਲ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜੇ.ਈਜ਼ ਦੀ ਭਰਤੀ ਮੁੜ ਪੀ.ਪੀ.ਐਸ.ਸੀ. ਤੋਂ ਕਰਵਾਉਣ ਦਾ ਫ਼ੈਸਲਾ
ਚੰਡੀਗੜ੍ਹ, 17 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਮੰਤਰੀ ਮੰਡਲ ਨੇ ਇਕ ਹੋਰ ਅਹਿਮ ਫੈਸਲਾ ਲੈਂਦਿਆਂ ਸੂਬਾ ਸਰਕਾਰ ਦੇ ਅਧੀਨ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਵੱਖ-ਵੱਖ ਕੈਟਾਗਰੀਆਂ ਦੇ ਮੁਲਾਜ਼ਮਾਂ ਨੂੰ ਸਿੱਧੀ ਭਰਤੀ ਦੀਆਂ ਅਸਾਮੀਆਂ ਵਿਰੁਧ ਅਪਲਾਈ ਕਰਨ ਲਈ ਉਪਰਲੀ ਉਮਰ ਹੱਦ ਵਿਚ ਛੋਟ ਦੇ ਦਿਤੀ ਹੈ | ਮੰਤਰੀ ਮੰਡਲ ਨੇ ਪੰਜਾਬ ਸਿਵਲ ਸੇਵਾਵਾਂ (ਆਮ ਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ-1994 ਦੇ ਨਿਯਮ 19 ਤਹਿਤ ਇਨ੍ਹਾਂ ਦੇ ਨਿਯਮ 5 ਅਤੇ 5-ਏ ਵਿਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ |
ਇਸ ਉਪਰਾਲੇ ਦਾ ਮਕਸਦ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਧੀਨ ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨਾ ਹੈ ਕਿਉਾ ਜੋ ਉਮਰ ਹੱਦ ਟੱਪ ਜਾਣ ਕਰ ਕੇ ਉਹ ਸਿੱਧੀ ਭਰਤੀ ਵਿਰੁਧ ਅਪਲਾਈ ਨਹੀਂ ਕਰ ਸਕਦੇ | ਵਿੱਤੀ ਔਕੜਾਂ ਕਾਰਨ ਇਸ ਤੋਂ ਪਹਿਲਾਂ ਛੋਟ ਦੇਣ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਿਆ ਸੀ | ਅੰਮਿ੍ਤਸਰ ਅਤੇ ਪਟਿਆਲਾ ਵਿਚ ਸਰਕਾਰੀ ਮੈਡੀਕਲ, ਡੈਂਟਲ ਅਤੇ ਨਰਸਿੰਗ ਕਾਲਜਾਂ ਦੇ ਕੰਮਕਾਜ ਨੂੰ ਹੋਰ ਵਧੇਰੇ ਕੁਸ਼ਲ ਬਣਾਉਣ ਅਤੇ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਨਾਲ ਇਕ ਹੋਰ ਕਦਮ ਚੁਕਦਿਆਂ ਮੰਤਰੀ ਮੰਡਲ ਨੇ ਇਨ੍ਹਾਂ ਸੰਸਥਾਵਾਂ ਵਿਚ ਫੈਕਲਟੀ ਦੇ ਮੌਜੂਦਾ ਸੇਵਾ ਨਿਯਮਾਂ ਵਿਚ ਸੋਧ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ | ਮੰਤਰੀ ਮੰਡਲ ਨੇ ਪੰਜਾਬ ਮੈਡੀਕਲ ਸਿਖਿਆ (ਗਰੁੱਪ-ਏ) ਸੇਵਾ ਨਿਯਮ-2016 ਵਿਚ ਪੰਜਾਬ ਮੈਡੀਕਲ ਸਿਖਿਆ (ਗਰੁੱਪ-ਏ) ਸੇਵਾ (ਦੂਜੀ ਸੋਧ) ਨਿਯਮ-2020, ਪੰਜਾਬ ਡੈਂਟਲ ਸਿਖਿਆ (ਗਰੁੱਪ-ਏ) ਸੇਵਾ ਨਿਯਮ-2016 ਵਿਚ ਪੰਜਾਬ ਡੈਂਟਲ ਸਿਖਿਆ (ਗਰੁੱਪ-ਏ) ਸੇਵਾ (ਦੂਜੀ ਸੋਧ) ਨਿਯਮ-2020, ਪੰਜਾਬ ਨਰਸਿੰਗ ਸਿਖਿਆ (ਗਰੁੱਪ-ਏ) ਸੇਵਾ ਨਿਯਮ-2016 ਵਿਚ ਪੰਜਾਬ ਨਰਸਿੰਗ ਸਿਖਿਆ (ਗਰੁੱਪ-ਏ) ਸੇਵਾ (ਪਹਿਲੀ ਸੋਧ) ਨਿਯਮ-2020 ਵਿਚ ਸੋਧ ਲਈ ਹਰੀ ਝੰਡੀ ਦੇ ਦਿਤੀ ਹੈ | ਮੈਡੀਕਲ ਸਿਖਿਆ (ਗਰੁੱਪ-ਏ) ਸੇਵਾ ਨਿਯਮ-2016 ਵਿਚ ਸੋਧ ਨਾਲ ਸਰਕਾਰੀ ਮੈਡੀਕਲ ਕਾਲਜਾਂ ਵਿਚ ਖਾਲੀ ਅਸਾਮੀਆਂ ਵਿਰੁਧ ਭਰਤੀ ਪ੍ਰਕਿ੍ਆ ਦੀ ਸ਼ੁਰੂਆਤ ਲਈ ਰਾਹ ਪਧਰਾ ਹੋਵੇਗਾ |
image