
ਗੋਆ ਵਿਚ ਸੱਤਾ ’ਚ ਆਉਣ ’ਤੇ ਜਨਤਾ ਦੀ ਪ੍ਰਵਾਨਗੀ ਬਿਨਾਂ ਕੋਈ ਪ੍ਰਾਜੈਕਟ ਨਹੀਂ ਲਿਆਏਗੀ ‘ਆਪ’ : ਕੇਜਰੀਵਾਲ
ਨਵੀਂ ਦਿੱਲੀ, 17 ਦਸੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਗੋਆ ਦੇ ਲੋਕਾਂ ਨੂੰ ਭਰੋਸਾ ਦਿਤਾ ਕਿ ਜੇਕਰ ਗੋਆ ਸੂਬੇ ਵਿਚ ਆਮ ਆਦਮੀ ਪਾਰਟਂ ਦੀ ਸਰਕਾਰ ਬਣੀ ਤਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਪ੍ਰਾਜੈਕਟ ਨਹੀਂ ਲਗਾਇਆ ਜਾਵੇਗਾ। ਗੋਆ ਵਿਚ ਅਗਲੇ ਸਾਲ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਉਨ੍ਹਾਂ ਕਿਹਾ,‘‘ਮੈਂ ਗੋਆ ਦੇ ਲੋਕਾਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਪ੍ਰਾਜੈਕਟ ਨਹੀਂ ਲਿਆਂਦਾ ਜਾਵੇਗਾ। ਗੋਆ ਵਿਚ ਲੋਕਾਂ ਦਾ ਕਾਂਗਰਸ ਤੋਂ ਵਿਸ਼ਵਾਸ ਉਠ ਗਿਆ ਹੈ ਅਤੇ ਭਾਜਪਾ ਖ਼ੁਦ ਹੀ ਟੁੱਟ ਰਹੀ ਹੈ। ‘ਆਪ’ ਇਕ ਸੱਚੀ ਪਾਰਟੀ ਹੈ।’’
ਕੇਜਰੀਵਾਲ ਨੇ ਅਲੀਨਾ ਸਲਦਾਨਹਾ ਦਾ ਪਾਰਟੀ ਵਿਚ ਸਵਾਗਤ ਵੀ ਕੀਤਾ, ਜਿਨ੍ਹਾਂ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਸੀ। ਕੇਜਰੀਵਾਲ ਨੇ ਸਦਾਨਹਾ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ, ‘ਹੁਣ ਉਹ ਸਹੀ ਥਾਂ ਆ ਗਈ ਹੈ।’ ਅਲੀਨਾ ਸਲਦਾਨਹਾ ਨੇ ਆਨਲਾਈਨ ਪੱਤਰਕਾਰ ਵਾਰਤਾ ਵਿਚ ਕਿਹਾ,‘‘ਮੈਂ ਮੋਹਭੰਗ ਹੋਣ ਤੋਂ ਬਾਅਦ ਭਾਜਪਾ ਛੱਡ ਦਿਤੀ। ਉਹ ਹੁਣ ਪਹਿਲਾਂ ਵਰਗੀ ਪਾਰਟੀ ਨਹੀਂ ਰਹੀ, ਜਿਵੇਂ ਮਨੋਹਰ ਪਰੀਕਰ ਦੇ ਸਮੇਂ ਹੁੰਦੀ ਸੀ। ਹੁਣ ਮੈਂ ਸਹੀ ਪਾਰਟੀ ਵਿਚ ਆ ਗਈ ਹਾਂ, ਜੋ ਆਮ ਲੋਕਾਂ ਦੀ ਪਾਰਟੀ ੲੈ। ਮੈਂ ਭਾਜਪਾ ਦੀਆਂ ਕੁੱਝ ਨੀਤੀਆਂ ਦਾ ਵਿਰੋਧ ਕਰ ਰਹੀ ਸੀ, ਜੋ ਆਮ ਆਦਮੀ ਦੇ ਵਿਰੁਧ ਹਨ।’’ (ਪੀਟੀਆਈ)