
"ਮੇਰੇ ਡਰ ਤੋਂ ਕੀਤੀਆਂ ਡਿਸਪੈਂਸਰੀਆਂ ਬੰਦ ,ਕੀਤਾ ਰੰਗ ਦਾ ਕੰਮ ਸ਼ੁਰੂ"
ਚਮਕੌਰ ਸਾਹਿਬ: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਕੱਲ੍ਹ ਤੋਂ ਪੰਜਾਬ ਦੌਰੇ 'ਤੇ ਹਨ ਤੇ ਦੇਖਿਆ ਜਾਵੇ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਵੀ ਕਾਫ਼ੀ ਸਰਗਰਮ ਹੈ। ਇਸੇ ਨੂੰ ਲੈ ਕੇ ਸਿਹਤ ਮੰਤਰੀ ਨੇ ਸੀਐੱਮ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਚ ਡਿਸਪੈਂਸਰੀਆਂ 'ਤੇ ਰੇਡ ਮਾਰੀ। ਇਸ ਮੌਕੇ ਸਤੇਂਦਰ ਜੈਨ ਨੇ ਕਿਹਾ ਕਿ ਮੈਂ ਖ਼ਾਸ ਤੌਰ 'ਤੇ ਮੁੱਖ ਮੰਤਰੀ ਦੇ ਹਲਕੇ ਵਿਚ ਡਿਸਪੈਂਸਰੀ ਦੇ ਹਾਲਾਤ ਵੇਖਣਾ ਚਾਹੁੰਦਾ ਸੀ ਤੇ ਮੈਨੂੰ ਡਿਸਪੈਂਸਰੀ ਦੇ ਹਾਲਾਤ ਵੇਖ ਕੇ ਬਹੁਤ ਹੈਰਾਨੀ ਹੋਈ ਹੈ।
Satyendra Kumar Jain
ਉਨ੍ਹਾਂ ਕਿਹਾ ਕਿ ਮੇਰੇ ਆਉਣ ਦੀ ਖ਼ਬਰ ਦੇ ਪਤਾ ਚੱਲਦਿਆਂ ਹੀ ਡਿਸਪੈਂਸਰੀ ਨੂੰ ਰੰਗ-ਰੋਗਨ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਪਰ ਇਹ ਸਿਰਫ਼ ਸਾਹਮਣੇ ਤੋਂ ਚਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਬਿੰਲਡਿਗ 'ਤੇ ਤਾਲਾ ਲਗਾਇਆ ਹੋਇਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁਫ਼ਤ ਦਵਾਈ ਵਾਲੇ ਕਮਰੇ ਅਤੇ ਟੈਸਟ ਵਾਲੇ ਕਮਰਿਆਂ 'ਚ ਕੂੜਾ ਖਿਲਰਿਆ ਪਿਆ ਹੈ ਅਤੇ ਬਾਥਰੂਮ ਦੀ ਹਾਲਤ ਵੀ ਠੀਕ ਨਹੀਂ ਹੈ। ਸਤੇਂਦਰ ਜੈਨ ਨੇ ਪੰਜਾਬ ਦੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
Satyendra Kumar Jain
ਸਤੇਂਦਰ ਜੈਨ ਨੇ ਮੁੱਖ ਮੰਤਰੀ ਦੇ ਹਲਕੇ ਦੀ ਡਿਸਪੈਂਸਰੀ ਦੇ ਮਾੜੇ ਹਾਲਾਤ ਦਾ ਜ਼ਿਕਰ ਕਰਦਿਆਂ ਪੰਜਾਬ ਸਰਕਾਰ 'ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਹਲਕੇ ਵਿਚ ਸਿਹਤ ਸਹੂਲਤਾਂ ਦੇ ਇਹੋ ਜਿਹੇ ਹਾਲਾਤ ਨੇ ਤਾਂ ਪੂਰੇ ਪੰਜਾਬ ਵਿਚ ਕਿੰਨੇ ਬੁਰੇ ਹੋਣਗੇ। ਉਨ੍ਹਾਂ ਕਿਹਾ ਡਿਸਪੈਂਸਰੀ ਵਿੱਚ ਨਾ ਦਵਾਈਆਂ ਹਨ ਅਤੇ ਨਾ ਮੈਡੀਕਲ ਟੈਸਟ ਕਰਨ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਗੱਲ ਕਰਕੇ ਪਤਾ ਲੱਗਾ ਕੇ ਕਦੇ-ਕਦੇ ਫਾਰਮਸਿਸਟ ਆਉਂਦਾ ਹੈ ਪਰ ਡਾਕਟਰ ਕਦੇ ਨਹੀਂ ਆਇਆ।
Satyendra Kumar Jain
ਸਤੇਂਦਰ ਜੈਨ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ ਬੇਹਾਲ ਸਿਹਤ ਸਹੂਲਤਾਂ ਨੂੰ ਸਿਰਫ਼ ਆਮ ਆਦਮੀ ਪਾਰਟੀ ਦੀ ਈਮਾਨਦਾਰ ਸਰਕਾਰ ਹੀ ਠੀਕ ਕਰ ਸਕਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਹਰ ਪਿੰਡ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਤੇ ਪੜ੍ਹੇ ਲਿਖੇ ਡਾਕਟਰ ਰੱਖੇ ਜਾਣਗੇ ਜੋ ਹਰ ਰੋਜ਼ ਹਾਜ਼ਰ ਹੋਣਗੇ ਤੇ 200 ਤੋਂ ਵੱਧ ਟੈਸਟ ਮੁਫ਼ਤ ਕੀਤੇ ਜਾਣਗੇ ਤੇ ਦਵਾਈਆਂ ਵੀ ਮੁਫ਼ਤ ਹੋਣਗੀਆਂ।