
ਕਮਿਸ਼ਨ ਦੇ ਹੁਕਮਾਂ 'ਤੇ ਤਬਾਦਲਿਆਂ 'ਚ ਹੋਏ ਫੇਰਬਦਲ ਦਾ ਅਸਰ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ 'ਚ ਜ਼ਿਆਦਾ ਦੇਖਣ ਨੂੰ ਮਿਲਿਆ।
ਚੰਡੀਗੜ੍ਹ - ਪੰਜਾਬ ਵਿਚ ਚੋਣ ਕਮਿਸ਼ਨ ਹਰਕਤ ਵਿਚ ਆ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਚੱਲਦਿਆਂ ਨਵੇਂ ਬਣੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ 77 ਪੁਲਿਸ ਇੰਸਪੈਕਟਰਾਂ ਦੇ ਤਬਾਦਲੇ ਕੀਤੇ ਹਨ। ਸਾਰੇ ਇੰਸਪੈਕਟਰਾਂ ਨੂੰ ਤੁਰੰਤ ਨਵੀਂ ਥਾਂ 'ਤੇ ਜੁਆਇਨ ਕਰਕੇ ਰਿਪੋਰਟ ਭੇਜਣ ਲਈ ਵੀ ਹਦਾਇਤ ਦਿੱਤੀ ਗਈ ਹੈ। ਕਮਿਸ਼ਨ ਦੇ ਹੁਕਮਾਂ 'ਤੇ ਤਬਾਦਲਿਆਂ 'ਚ ਹੋਏ ਫੇਰਬਦਲ ਦਾ ਅਸਰ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ 'ਚ ਜ਼ਿਆਦਾ ਦੇਖਣ ਨੂੰ ਮਿਲਿਆ।
ਇੱਥੇ ਕਮਿਸ਼ਨਰੇਟ ਵਿਚ ਪੁਲਿਸ ਇੰਸਪੈਕਟਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਰਡਰ ਰੇਂਜ ਦੇ ਥਾਣੇਦਾਰ ਵੀ ਬਦਲੇ ਗਏ ਹਨ। ਚੋਣ ਕਮਿਸ਼ਨ ਦੀ ਇਸ ਕਾਰਵਾਈ ਕਾਰਨ ਹੁਣ ਪੰਜਾਬ ਦੇ ਵੱਡੇ ਪੁਲਿਸ ਅਫ਼ਸਰਾਂ ਵਿਚ ਵੀ ਹਲਚਲ ਮਚ ਗਈ ਹੈ, ਜੋ ਲੰਬੇ ਸਮੇਂ ਤੋਂ ਇੱਕੋ ਜ਼ਿਲ੍ਹੇ ਜਾਂ ਸ਼ਹਿਰ ਵਿਚ ਫਸੇ ਹੋਏ ਹਨ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ 3 ਸ਼ਹਿਰਾਂ ਦੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਸੀ।
ਇਹ ਬੈਠਕ ਕਰੀਬ 4 ਘੰਟੇ ਚੱਲੀ, ਜਿਸ ਤੋਂ ਬਾਅਦ ਚੰਦਰਾ ਨੇ ਕਿਹਾ ਕਿ 4 ਘੰਟਿਆਂ 'ਚ ਉਨ੍ਹਾਂ ਨੇ ਅਫਸਰਾਂ ਨੂੰ ਸਹੀ ਤਰ੍ਹਾਂ ਦੇਖਿਆ ਹੈ। ਚੋਣਾਂ ਵਿਚ ਗੜਬੜੀ ਕਰਨ ਵਾਲੇ ਨੂੰ ਡਿਊਟੀ ’ਤੇ ਨਹੀਂ ਰੱਖਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕਮਿਸ਼ਨ ਨੇ ਸਿਆਸੀ ਪਾਰਟੀਆਂ ਅਤੇ ਆਗੂਆਂ ਪ੍ਰਤੀ ਅਧਿਕਾਰੀਆਂ ਦੇ ਪੱਖਪਾਤੀ ਰਵੱਈਏ ਦੀ ਵੀ ਜਾਂਚ ਕੀਤੀ ਹੈ, ਜਿਸ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਪੁਲਿਸ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਹੋ ਸਕਦੇ ਹਨ।