
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਕੁਝ ਨਾ ਬੋਲਣ ਦੀ ਵੀ ਕੀਤੀ ਨਿਖੇਧੀ
ਚੰਡੀਗੜ੍ਹ : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਸਾਈ ਮਿਸ਼ਨਰੀਆਂ ਵੱਲੋਂ ਧਰਮ ਪਰਿਵਰਤਨ ਪ੍ਰੋਗਰਾਮ ਆਯੋਜਿਤ ਹੋਣ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਜਿਥੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਨੇ ਧਰਮ ਪਰਿਵਰਤਨ ਤੋਂ ਇਨਕਾਰ ਕਰਦਿਆਂ ਸ਼ਹਾਦਤਾਂ ਦਿੱਤੀਆਂ, ਉਥੇ ਅਜਿਹੇ ਪ੍ਰੋਗਰਾਮ ਹੋਣੇ ਬਹੁਤ ਸ਼ਰਮਨਾਕ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਰਮਨ ਹੰਸ ਨਾਂ ਦੇ ਇਕ ਫਰਾਡ ਮਿਸ਼ਨਰੀ ਨੇ ਚਮੌਕਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿਚ ਕੁਝ ਸਿੱਖ ਦਸਤਾਰ ਸਜਾ ਕੇ ਸ਼ਾਮਲ ਹੋਏ ਤੇ ਇਸ ਤਰੀਕੇ ਵਿਹਾਰ ਕਰ ਰਹੇ ਸਨ ਕਿ ਉਹਨਾਂ ਵਿਚ ਇਸਾ ਮਸੀਹ ਆ ਗਏ ਤੇ ਉਹ ਇਸਾਈ ਬਣ ਗਏ ਹੋਣ। ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਵੀ 16 ਦਸੰਬਰ ਨੂੰ ਹੋਏ ਇਸ ਪ੍ਰੋਗਰਾਮ ’ਤੇ ਚੁੱਪੀ ਵੱਟਣ ਦੀ ਨਿਖੇਧੀ ਕੀਤੀ ਹੈ।