
32 ਬੋਰ ਦੇ 5 ਪਿਸਟਲ, ਇੱਕ ਰਿਵਾਲਵਰ ਸਣੇ 25 ਜ਼ਿੰਦਾ ਕਾਰਤੂਸ ਬਰਾਮਦ
ਪਟਿਆਲਾ- ਪਟਿਆਲਾ ਪੁਲਿਸ ਨੇ ਇੱਕ ਹੋਰ ਗੈਂਗਸਟਰ ਨੂੰ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਆਈ.ਪੀ.ਐਸ ਸੀਨੀਅਰ ਕਪਤਾਨ ਵਰੁਣ ਸ਼ਰਮਾ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ। ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਖ਼ਾਸ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ ਹੀ ਸਪੈਸ਼ਲ ਅਪਰੇਸ਼ਨ ਦੌਰਾਨ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ’ਚ ਯੂ.ਪੀ ਦੇ ਰਹਿਣ ਵਾਲੇ ਰਾਹੁਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਸ ਦੀ ਗ੍ਰਿਫਤਾਰੀ ਦੌਰਾਨ 32 ਬੋਰ ਦੇ 5 ਪਿਸਟਲ ਸਮੇਤ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ’ਤੇ ਮਿਤੀ 16 ਨੂੰ ਪਟਿਆਲਾ ਰਾਜਪੁਰਾ ਬਾਈਪਾਸ ਮੇਨ ਰੋਡ ਚੌਕ ’ਤੇ ਨਾਕਾਬੰਦੀ ਦੌਰਾਨ ਰਾਹੁਲ ਸਿੰਘ ਪੁੱਤਰ ਮਹੀਪਾਲ ਸਿੰਘ ਵਾਸੀ ਯੂ.ਪੀ. ਨੂੰ ਹਥਿਆਰਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਮੁਕੱਦਮਾ ਨੰਬਰ 216 ਮਿਤੀ 16.12.2022 ਅੱਧ 25 (7), (8) ਅਸਲਾ ਐਕਟ 1959 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਰਾਹੁਲ ਸਿੰਘ ਉਕਤ ਸਾਲ 2021 ਵਿੱਚ ਥਾਣਾ ਜ਼ੀਰਕਪੁਰ ਜ਼ਿਲ੍ਹਾ ਐੱਸ.ਏ.ਐੱਸ.ਨਗਰ ਵਿਖੇ ਐਨ.ਡੀ.ਪੀ.ਐਸ.ਐਕਟ ਦੇ ਕੇਸ ਵਿੱਚ ਗ੍ਰਿਫਤਾਰ ਹੋ ਕੇ ਹੁਸ਼ਿਆਰਪੁਰ ਜੇਲ੍ਹ ਵਿੱਚ ਗਿਆ ਸੀ ਜਿਥੇ ਹੀ ਇਸ ਦਾ ਅਪਰਾਧਿਕ ਵਿਅਕਤੀਆਂ ਨਾਲ ਮੇਲ ਜੋਲ ਹੋਇਆ ਸੀ ।ਇਸੇ ਦੌਰਾਨ ਹੀ ਇਸ ਦੀ ਲਾਰੈਂਸ ਬਿਸਨੋਈ ਗੈਂਗ ਦੇ ਦੀਪਕ ਉਰਫ ਦੀਪੂ ਬਨੂੰੜ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਪਟੀਕਾ ਥਾਣਾ ਬਨੂੜ ਜ਼ਿਲ੍ਹਾ ਪਟਿਆਲਾ ਜੋ ਕਿ ਕਤਲ ਅਤੇ ਲੁੱਟਾਖੋਹਾ ਦੇ ਮੁਕੱਦਮਿਆਂ ਵਿੱਚ ਪਟਿਆਲਾ ਜ਼ੇਲ੍ਹ ਵਿੱਚ ਬੰਦ ਹੈ ਨਾਲ ਹੋ ਗਈ ਸੀ ਅਤੇ ਇਸ ਤੋਂ ਇਲਾਵਾ ਕੁਰੂਕਸ਼ੇਤਰ ਵਿੱਚ ਕਤਲ ਅਤੇ ਸੰਗੀਨ ਜੁਰਮਾਂ ਵਿੱਚ ਬੰਦ ਨਵੀਨ ਉਰਫ ਕਾਲਾ ਪੇਗਾ ਪੁੱਤਰ ਰਾਮ ਚੰਦਰ ਵਾਸੀ ਹਾਊਸਿੰਗ ਬੋਰਡ ਕਾਲੋਨੀ ਜੀਂਦ ਹਰਿਆਣਾ ਆਦਿ ਨਾਲ ਹੋ ਗਈ ਸੀ। ਰਾਹੁਲ ਸਿੰਘ ਜ਼ੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਜ਼ੀਰਕਪੁਰ ਰਹਿਣ ਲੱਗ ਪਿਆ ਸੀ ।
ਇਸੇ ਦੌਰਾਨ ਹੀ ਰਾਹੁਲ ਸਿੰਘ ਨੇ ਕੁਝ ਅਸਲੇ ਮੰਗਵਾਏ ਸਨ ਜਿਸ ਦੀ ਗੁਪਤ ਸੂਚਨਾ ਸੀ.ਆਈ.ਏ.ਪਟਿਆਲਾ ਪਾਸ ਸੀ, ਜਿਸ ਦੇ ਅਧਾਰ ’ਤੇ ਹੀ ਇਕ ਸਪੈਸ਼ਲ ਅਪਰੇਸ਼ਨ ਚਲਾ ਕੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਹੈ। ਜੇਲ੍ਹ ਵਿੱਚ ਬੈਠੇ ਉਕਤ ਅਪਰਾਧੀਆਂ ਨੂੰ ਵੀ ਪ੍ਰੋਡੈਕਸ਼ਨ ਵਾਰੰਟ ਪਰ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ।