
ਜੇ ਡੱਲੇਵਾਲ ਨੂੰ ਕੁੱਝ ਹੋਇਆ ਤਾਂ ਸਾਨੂੰ ਨਹੀਂ ਪਤਾ ਇੱਥੇ ਕਿੰਨਾ ਖ਼ੂਨ ਵਹੇਗਾ : ਕਿਸਾਨ ਆਗੂ
ਸਾਨੂੰ ਪਤਾ ਹੈ ਕਿ ਪੰਜਾਬ, ਹਰਿਆਣਾ ਦੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਹਰਿਆਣਾ ’ਚ ਕੇਂਦਰ ਸਰਕਾਰ ਤੋਂ ਅਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਧਰਨੇ ’ਤੇ ਬੈਠੇ ਹਨ। ਜਿਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 22-23 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਜਿਨ੍ਹਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਨ ਲਈ ਸਿਆਸੀ ਤੇ ਹੋਰ ਆਗੂ ਉਨ੍ਹਾਂ ਨੂੰ ਧਰਨੇ ’ਚ ਮਿਲਣ ਪਹੁੰਚ ਰਹੇ ਹਨ। ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੁੱਝ ਮੀਟਿੰਗਾਂ ਕੀਤੀਆਂ ਗਈਆਂ ਪਰ ਉਨ੍ਹਾਂ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਕੇਂਦਰ ਸਰਕਾਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਅੱਜ ਖਨੌਰੀ ਬਾਰਡਰ ਉਪਰ ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਜਾਣਨ ਅਤੇ ਮਰਨ ਵਰਤ ਤੋੜਨ ਲਈ ਮਨਾ ਕੇ ਗੱਲਬਾਤ ਦਾ ਮਾਹੌਲ ਬਣਾਉਣ ਲਈ ਪਹੁੰਚੇ। ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਮੇਰੀ ਜਾਨ ਨਾਲੋਂ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਬਾਰੇ ਸੋਚਣਾ ਜ਼ਰੂਰੀ ਹੈ।
ਦੇਸ਼ ਵਿਚ 7 ਲੱਖ ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁਕੇ ਹਨ। ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਡੱਲੇਵਾਲ ਨੂੰ ਮਿਲਣ ਬਾਅਦ ਕਿਹਾ ਕਿ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਹੀ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਜਾਨ ਬਹੁਤ ਕੀਮਤੀ ਹੈ ਅਤੇ ਉਹ ਇਕ ਵੱਡੇ ਆਗੂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਨਾਲ ਖੜੀ ਹੈ ਅਤੇ ਮੁੱਖ ਮੰਤਰੀ ਵੀ ਇਸ ਬਾਰੇ ਬਿਆਨ ਦੇ ਚੁੱਕੇ ਹਨ।
ਇਸ ਦੌਰਾਨ ਖਨੌਰੀ ਬਾਰਡਰ ’ਤੇ ਕਿਸਾਨੀ ਧਰਨੇ ’ਚ ਸਪੋਕਸਮੈਨ ਦੇ ਮੁੱਖ ਸੰਪਾਦਕ ਨਿਮਰਤ ਕੌਰ ਡੱਲੇਵਾਲ ਤੇ ਹੋਰ ਆਗੂਆਂ ਨੂੰ ਮਿਲਣ ਤੇ ਗਰਾਊੁਂਡ ਰਿਪੋਰਟ ਲੈਣ ਲਈ ਪਹੁੰਚੇ। ਇਸ ਦੌਰਾਨ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਪਹਿਲ ਦਿੰਦੀ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਡੱਲੇਵਾਲ ਪੰਜਾਬ ਦੇ ਕਿਸਾਨਾਂ ਨੂੂੰ ਇਨਸਾਫ਼ ਦਿਵਾਉਣ ਲਈ ਮਰਟ ਵਰਤ ’ਤੇ ਬੈਠੇ ਹਨ ਜਿਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਲੀਡਰ ਸਾਨੂੰ ਛੱਡ ਕੇ ਚਲਿਆ ਜਾਵੇ।
ਆਗੂਆਂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਲੋਕਾਂ ਦੇ ਹੱਕਾਂ ਲਈ ਲੜਾਈਆਂ ਲੜੀਆਂ ਨੇ ਤੇ ਅਸੀਂ ਵੀ ਅਪਣੇ ਹੱਕਾਂ ਲਈ ਲੜਾਈ ਲੜ ਰਹੇ ਹਾਂ। ਉਨ੍ਹਾਂ ਕਿਹਾ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ’ਤੇ ਬੈਠਣ ਦਾ ਕਿਉਂ ਫ਼ੈਸਲਾ ਕੀਤਾ? ਉਨ੍ਹਾਂ ਕਿਹਾ ਕਿ ਅੱਜ ਤਕ ਕਰਜ਼ੇ ਕਾਰਨ ਜਾਂ ਘਾਟੇ ਨਾਲ 7 ਲੱਖ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਜਿਸ ਕਰਨ ਡੱਲੇਵਾਲ ਕਹਿੰਦੇ ਹਨ ਕਿ ਮੈਂ ਨਹੀਂ ਚਾਹੁੰਦਾ ਕਿ ਹੋਰ ਕਿਸਾਨ ਖ਼ੁਦਕੁਸ਼ੀਆਂ ਕਰਨ। ਉਨ੍ਹਾਂ ਕਿਹਾ ਕਿ ਡੱਲੇਵਾਲ ਕਹਿੰਦੇ ਹਨ ਕਿ ਜੇ ਮੇਰੇ ਵਲੋਂ ਦਿਤੀ ਸਹਾਦਤ ਤੋਂ ਕਿਸਾਨਾਂ ਦਾ ਖ਼ੁਦਕੁਸ਼ੀਆਂ ਕਰਨੋ ਰੁਕਦਾ ਹੈ ਤਾਂ ਉਹ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਆਖ਼ਰੀ ਸਾਹ ਤਕ ਲੜਦੇ ਰਹਿਣਗੇ।
ਕਿਸਾਨ ਆਗੂ ਨੇ ਕਿਹਾ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਜੀਉਂਦੇ ਜੀਅ ਅਪਣੀਆਂ ਮੰਗਾਂ ਮਨਵਾ ਕੇ ਜਾਵਾਂਗੇ ਤੇ ਜੇ ਡੱਲੇਵਾਲ ਇਸ ਲੜਾਈ ’ਚ ਸ਼ਹਾਦਤ ਪਾਉਂਦੇ ਹਨ ਤਾਂ ਇਹ ਲੜਾਈ ਇਥੇ ਨਹੀਂ ਰੁਕਣੀ ਇਹ ਹੋਰ ਤੇਜ਼ ਹੋ ਜਾਵੇਗੀ।
ਕਿਸਾਨ ਆਗੂ ਨੇ ਕਿਹਾ ਅਸੀਂ ਦਿੱਲੀ ਮੋਰਚੇ ’ਚ ਜੋ ਗ਼ਲਤੀਆਂ ਕੀਤੀਆਂ ਸਨ, ਉਨ੍ਹਾਂ ਕਰ ਕੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਹੈ ਪਰ ਜੇ ਅਸੀਂ ਦਿੱਲੀ ਮੋਰਚੇ ਵਿਚ 10 ਦਿਨ ਹੋਰ ਬੈਠ ਜਾਂਦੇ ਤਾਂ ਡੱਲੇਵਾਲ ਨੂੰ ਅੱਜ ਇੱਥੇ ਮਰਨ ਵਰਤ ’ਤੇ ਨਹੀਂ ਬੈਠਣਾ ਪੈਣਾ ਸੀ। ਕਿਸਾਨ ਆਗੂ ਕਾਕਾ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪਾਰਲੀਮੈਂਟ ਤੋਂ ਰਿਪੋਰਟਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸ਼ੈਸਨ ਵਿਚ ਕਾਂਗਰਸ ਜਾਂ ਹੋਰ ਖੇਤਰੀ ਵਿਰੋਧੀ ਪਾਰਟੀਆਂ ਨੇ ਸੈਸ਼ਨ ਰੋਕ ਕੇ ਐਮਰਜੈਂਸੀ ਬਿੱਲ ਨੂੰ ਲੈ ਕੇ ਐਮਐਸਪੀ ਤੇ ਡੱਲੇਵਾਲ ਦੀ ਸਿਹਤ ਨੂੰ ਧਿਆਨ ’ਚ ਰੱਖ ਕੇ ਇਸ ’ਤੇ ਚਰਚਾ ਕਰਨ ਲਈ ਕਿਹਾ। ਇਹ ਸਾਡੇ ਮੋਰਚੇ ਦੀ ਇਕ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 2020 ਵਿਚ ਜਦੋਂ ਅਸੀਂ ਦਿੱਲੀ ਮੋਰਚੇ ਵਿਚ ਬੈਠੇ ਸੀ ਤਾਂ ਸੈਸ਼ਨ ਵਿਚ ਚਰਚਾ ਹੋਈ ਸੀ ਪਰ ਸੈਸ਼ਨ ਨਹੀਂ ਰੁਕਿਆ ਸੀ।
ਉਨ੍ਹਾਂ ਕਿਹਾ ਕਿ ਸਾਡੇ ਤੋਂ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਜਿਸ ਕਾਰਨ ਅਸੀਂ ਇਹ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਵੱਡੇ ਅਹੁਦੇ ’ਤੇ ਕੰਮ ਕਰਦਾ ਕਰਮਚਾਰੀ ਜਾਂ ਹੋਰ ਅਧਿਕਾਰੀ ਮਰ ਜਾਂਦਾ ਹੈ ਤਾਂ ਉਨ੍ਹਾਂ ਦੇ ਪਰਵਾਰ ਨੂੰ ਇੰਨਾ ਕੁੱਝ ਮਿਲ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਕੱਟ ਸਕਦੇ ਹਨ ਪਰ ਸਾਡੇ ਕੋਲ ਕੀ ਬਚਿਆ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇ ਸਕੀਏ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਆਪਣੇ ਪਰਵਾਰ ਨੂੰ ਕੇਵਲ ਕਰਜ਼ਾ ਦੇ ਕੇ ਚਲੇ ਜਾਂਦੇ ਹਾਂ?
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਜੇ ਡੱਲੇਵਾਲ ਸਾਹਿਬ ਇਸ ਲੜਾਈ ਵਿਚ ਸ਼ਹੀਦੀ ਪਾਉਂਦੇ ਹਨ ਤਾਂ ਇਹ ਲੜੀ ਟੁੱਟੇਗੀ ਨਹੀਂ। ਉਨ੍ਹਾਂ ਕਿਹਾ ਕਿ ਡੱਲੇਵਾਲ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਜੇ ਪੁਲਿਸ ਮੈਨੂੰ ਚੁੱਕ ਕੇ ਲੈ ਗਈ ਤਾਂ ਇਹ ਸੰਘਰਸ਼ ਖ਼ਤਮ ਹੋ ਜਾਵੇਗਾ ਤੇ ਤੁਸੀਂ ਮੈਨੂੰ ਪੁਲਿਸ ਨੂੰ ਲੈ ਕੇ ਜਾਣ ਤੋਂ ਰੋਕਣਾ ਹੈ। ਇਸ ਲਈ ਅਸੀਂ ਸੰਘਰਸ਼ ਵਿਚ ਡਟੇ ਹੋਏ ਹਾਂ। ਉਨ੍ਹਾਂ ਕਿਹਾ ਕਿ ਜੇ ਪੁਲਿਸ ਡੱਲੇਵਾਲ ਨੂੰ ਲੈਣ ਲਈ ਇੱਥੇ ਆਈ ਤਾਂ ਸਾਨੂੰ ਨਹੀਂ ਪਤਾ ਕਿ ਇੱਥੇ ਕਿੰਨਾ ਖ਼ੂਨ ਇੱਥੇ ਵਹੇਗਾ।
ਕਿਸਾਨ ਆਗੂ ਕਾਕਾ ਸਿੰਘ ਨੇ ਕਿਹਾ ਕਿ ਅਸੀਂ ਹੁਣ ਇਹ ਲੜਾਈ ਜਿੱਤ ਕੇ ਹੀ ਮੁੜਾਂਗੇ ਜਾਂ ਫਿਰ ਮਰ ਕੇ, ਅਸੀਂ ਤਾਂ ਇਥੇ ਜਿੱਤਣ ਲਈ ਹੀ ਆਏ ਹਾਂ ਤੇ ਜੇ ਅਸੀਂ ਸੱਚੀ ਲੜਾਈ ਲੜ ਰਹੇ ਹਾਂ ਤਾਂ ਲੋਕ ਸਾਡਾ ਵੱਧ ਚੜ੍ਹ ਕੇ ਸਾਥ ਦੇਣ। ਉਨ੍ਹਾਂ ਕਿਹਾ ਕਿ ਸਾਡੇ ਅੱਗੇ ਦੁਸ਼ਮਣ ਬਹੁਤ ਸ਼ਾਤਰ ਹੈ ਜੋ ਪੈਰ-ਪੈਰ ’ਤੇ ਸਾਨੂੰ ਝੂਠ ਬੋਲ ਕੇ, ਸਾਡੀ ਲੜਾਈ ਤੋਂ ਭਟਕਾਉਣਾ ਚਾਹੰਦਾ ਹੈ ਪਰ ਅਸੀਂ ਹੁਣ ਇਸ ਸ਼ਾਤਰ ਸਰਕਾਰ ਦੇ ਅੱਗੇ ਝੁਕਣ ਵਾਲੇ ਨਹੀਂ। ਅਸੀਂ ਮਰ ਜਾਵਾਂਗੇ ਪਰ ਪਿਛੇ ਨਹੀਂ ਹਟਾਂਗੇ।