
ਕਿਹਾ, ਜੇਕਰ ਮੇਰੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹੋਣ ਤਾਂ ਮੈਂ ਅਪਣੇ ਪਰਵਾਰ ਸਮੇਤ ਗਰਕ ਹੋ ਜਾਵਾਂ
ਬਠਿੰਡਾ : ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਉ ਬਾਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤਖ਼ਤ ਵਿਖੇ ਪੰਜ ਪਿਆਰਿਆਂ ਅਤੇ ਸੰਗਤ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਦੇ ਫੈਸਲੇ ਮਗਰੋਂ ਇਕ ਵਿਸ਼ੇਸ਼ ਟੋਲੇ ਵਲੋਂ ਉਨ੍ਹਾਂ ਨੂੰ ਬਹੁਤ ਭੱਦੇ ਢੰਗ ਨਾਲ ਟਰੋਲ ਕੀਤਾ ਜਾ ਰਿਹਾ ਹੈ, ਅਤੇ ਇਸੇ ਲੜੀ ’ਚ ਇਹ ਵੀਡੀਉ ਜਨਤਕ ਕੀਤੀ ਗਈ।
ਉਨ੍ਹਾਂ ਕਿਹਾ, ‘‘ਅੱਜ ਮੁਕਤਸਰ ਰਹਿਣ ਵਾਲੇ ਵਿਅਕਤੀ ਨੂੰ ਮੇਰੇ ਵਿਰੁਧ ਪੇਸ਼ ਕੀਤਾ ਗਿਆ। ਇਹ 2006-07 ਦਾ ਮਾਮਲਾ ਹੈ। (ਵੀਡੀਉ ’ਚ) ਉਸ ਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ। ਪਰ ਸਤਿਗੁਰੂ ਜਾਣਦਾ ਹੈ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ। ਮੇਰੇ ਤੋਂ ਇਸ ਪ੍ਰਵਾਰ ਨੇ ਪੁਛਿਆ ਜ਼ਰੂਰ ਸੀ ਕਿ ਇਹ ਮੁੰਡਾ ਠੀਕ ਹੈ। ਮੈਂ ਕਿਹਾ ਸੀ ਕਿ ਠੀਕ ਹੈ। ਰਿਸ਼ਤਾ ਕਰ ਦਿਉ।’’
ਉਨ੍ਹਾਂ ਅੱਗੇ ਕਿਹਾ, ‘‘ਦੂਜਾ ਉਸ ਨੇ ਦੋਸ਼ ਲਾਇਆ ਕਿ ਉਸ ਨੇ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਕੀਤੀਆਂ ਸਨ। 2007 ’ਚ ਉਸ ਨੇ ਸਾਡੇ ਕਿਸੇ ਰਿਸ਼ਤੇਦਾਰ ਦੀ ਚੁਕ ’ਚ ਆ ਕੇ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਤੀ ਸੀ। ਉਸ ਦਰਖ਼ਾਸਤ ’ਤੇ ਫ਼ਲਾਇੰਗ ਵਿਭਾਗ ਨੇ ਪੜਤਾਲ ਕੀਤੀ ਸੀ। ਸਾਡੇ ਆਂਢ-ਗੁਆਂਢ ਅਤੇ ਸਟਾਫ਼ ਨੂੰ ਪੁਛਿਆ ਸੀ। ਉਸ ਵਿਭਾਗ ਨੇ ਕੀ ਰੀਪੋਰਟ ਦਿਤੀ ਮੈਨੂੰ ਨਹੀਂ ਪਤਾ। 2015 ’ਚ ਮੈਂ ਬਤੌਰ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ’ਚ ਇੰਟਰਵਿਊ ਦੇ ਕੇ ਗਿਆ ਸੀ, ਮੇਰੀ ਫ਼ਾਈਲ ਫਰੋਲੀ ਗਈ ਹੋਣੀ ਹੈ। ਇਹ ਨਿਯਮ ਹੈ ਕਿ ਜਿਸ ਵਿਰੁਧ ਸੰਗੀਨ ਦੋਸ਼ ਹੋਣ ਉਸ ਨੂੰ ਇੰਟਰਵਿਊ ਲਈ ਨਹੀਂ ਸਦਿਆ ਜਾਂਦਾ। 2017 ’ਚ ਮੈਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਸੌਂਪੀ ਗਈ। ਜੇ ਫ਼ਲਾਇੰਗ ਵਿਭਾਗ ਨੇ ਮੈਨੂੰ ਝੂਠਾ ਸਾਬਤ ਕੀਤਾ ਹੁੰਦਾ ਤਾਂ ਜ਼ਰੂਰ ਉਨ੍ਹਾਂ ਦੀ ਨਜ਼ਰ ’ਚ ਆਇਆ ਹੋਣਾ ਅਤੇ ਮੈਨੂੰ ਜਥੇਦਾਰ ਨਿਯੁਕਤ ਨਾ ਕੀਤਾ ਜਾਂਦਾ। ਫਿਰ 2018 ’ਚ ਮੈਂ ਅਕਾਲ ਤਖ਼ਤ ਦੇ ਬਤੌਰ ਕਾਰਜਕਾਰੀ ਜਥੇਦਾਰ ਦੀ ਸੇਵਾ ਵੀ ਸੰਭਾਲੀ।’’
ਉਨ੍ਹਾਂ ਕਿਹਾ, ‘‘ਚੌਥਾ ਉਸ ਨੇ ਇਲਜ਼ਾਮ ਲਾਇਆ ਕਿ ਮੈਂ ਉਸ ਦਾ ਘਰ ਉਜਾੜਿਆ। ਦਸ ਸਾਲ ਮਾਮਲਾ ਚਲਿਆ ਸੀ ਮੈਂ ਅਦਾਲਤ ’ਚ ਕਦੇ ਉਸ ਵਿਰੁਧ ਨਹੀਂ ਗਿਆ, ਨਾ ਹੀ ਗਵਾਹੀ ਦਿਤੀ, ਨਾ ਦਰਖ਼ਾਸਤ ਕੀਤੀ। ਨਾ ਉਸ ਨੇ ਅਦਾਲਤ ’ਚ ਮੇਰਾ ਨਾਂ ਲਿਆ। ਮੈਂ 2017 ’ਚ ਸ੍ਰੀ ਮੁਕਤਸਰ ਸਾਹਿਬ ਛਡਿਆ ਅਤੇ ਉਸ ਤੋਂ ਬਾਅਦ ਉਸ ਬਾਰੇ ਕਦੇ ਪਤਾ ਹੀ ਨਹੀਂ ਕੀਤਾ।’’
ਉਨ੍ਹਾਂ ਕਿਹਾ, ‘‘ਸਭ ਤੋਂ ਵੱਡਾ ਦੋਸ਼ ਉਸ ਨੇ ਜੋ ਲਾਇਆ ਉਹ ਇਹ ਹੈ ਕਿ ਮੇਰੇ ਉਸ ਦੀ ਪਤਨੀ ਨਾਲ ਜਿਸਮਾਨੀ ਸਬੰਧ ਸਨ। ਮੈਂ ਦਸਣਾ ਚਾਹੁੰਦਾ ਹਾਂ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਉਹ ਕੁੜੀ 8ਵੀਂ-9ਵੀਂ ’ਚ ਪੜ੍ਹਦੀ ਸੀ। 12ਵੀਂ ਤਕ ਮੈਂ ਉਸ ਦੀ ਫ਼ੀਸ ਦੇ ਪੈਸੇ ਦਿਤੇ ਅਤੇ ਅਪਣੀ ਬੇਟੀ ਸਮਝ ਕੇ ਪੜ੍ਹਾਇਆ। ਉਸ ਦੇ ਵਿਆਹ ’ਚ ਵੀ ਖ਼ਰਚਾ ਕੀਤਾ। ਮੈਂ ਤਖ਼ਤ ਸਾਹਿਬ ਦੀ ਇਸ ਫਸੀਲ ਤੋਂ ਪੰਜ ਸਾਹਿਬਾਨ ਦੀ ਹਾਜ਼ਰੀ ’ਚ ਅਤੇ ਸਮੁੱਚੀ ਸੰਗਤ ’ਚ ਅਪਣੇ ਸਾਹਿਬ ਦੀ ਹਜ਼ੂਰੀ ’ਚ ਇਹ ਗੱਲ ਕਹਿੰਦਾ ਹਾਂ ਕਿ ਜੇਕਰ ਮੇਰੇ ਉਸ ਲੜਕੀ ਨਾਲ ਜਿਸਮਾਨੀ ਸਬੰਧ ਕਦੇ ਰਹੇ ਹੋਣ ਤਾਂ ਮੈਂ ਅਪਣੇ ਪਰਵਾਰ ਸਮੇਤ ਗਰਕ ਹੋ ਜਾਈਏ। ਇਹ ਉਸ ਨੇ ਝੂਠਾ ਦੋਸ਼ ਲਾਇਆ ਹੈ। ਮੇਰੀ ਸਤਿਗੁਰੂ ਅੱਗੇ ਅਰਦਾਸ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਕੈਮਰੇ ਅੱਗੇ ਲਿਆਂਦਾ ਹੈ ਉਨ੍ਹਾਂ ਨੂੰ ਜ਼ਰੂਰ ਨੰਗਿਆਂ ਕਰਿਉ। ਜਿਹੜੇ ਕਹਿੰਦੇ ਹਨ ਕਿ ਉਹ ਬਹੁਤ ਚੰਗਾ ਸੀ, ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਵੀ ਉਸ ਵਰਗਾ ਘਰਵਾਲਾ ਮਿਲੇ। ਉਹ ਸਾਡੀ ਕੁੜੀ ਨਾਲ ਧੱਕਾ ਕਰਦਾ ਰਿਹਾ, ਗਰਭਵਤੀ ਦੇ ਪੇਟ ’ਚ ਲੱਤਾਂ ਮਾਰਦਾ ਰਿਹਾ, ਅਪਣੇ ਮਲ ਨਾਲ ਕਪੜੇ ਲਿਬੇੜ ਕੇ ਉਸ ਨੂੰ ਧੋਣ ਲਈ ਮਜਬੂਰ ਕਰਦਾ ਰਿਹਾ।’’
ਉਨ੍ਹਾਂ ਕਿਹਾ, ‘‘ਮੈਂ ਗੁਨਾਹ ਸਿਰਫ਼ ਇਹ ਕੀਤਾ ਕਿ ਉਸ ਦੀਆਂ ਬੱਚੀਆਂ ਨੂੰ ਭਾਡੇ ਮਾਂਜਣ ਲਈ ਮਜਬੂਰ ਨਹੀਂ ਹੋਣ ਦਿਤਾ। ਉਨ੍ਹਾਂ ਨੂੰ ਅਨਾਥ ਆਸ਼ਰਮ ਜਾਣ ਲਈ ਮਜਬੂਰ ਨਹੀਂ ਹੋਣ ਦਿਤਾ। ਉਨ੍ਹਾਂ ਨੂੰ ਅਪਣੀਆਂ ਧੀਆਂ ਬਣਾ ਕੇ ਪੜ੍ਹਾਇਆ, ਇਕ ਵਿਦੇਸ਼ ’ਚ ਪੜ੍ਹਦੀ ਹੈ ਅਤੇ ਇਕ ਇਥੇ ਪੜ੍ਹਦੀ ਹੈ ਚੰਗੀ ਯੂਨੀਵਰਸਿਟੀ ’ਚ। ਦੂਜਾ ਮੇਰਾ ਗੁਨਾਹ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੇ ਫੈਸਲੇ ’ਚ ਸ਼ਾਮਲ ਹੋ ਕੇ ਕੀਤਾ ਹੈ। ਤੀਜਾ ਮੇਰਾ ਗੁਨਾਹ ਇਹ ਹੈ ਕਿ ਮੈਂ 2 ਦਸੰਬਰ ਨੂੰ ਹੋਏ ਫੈਸਲੇ ਤੋਂ ਬਾਅਦ ਮੇਰੇ ਤਕ ਪਹੁੰਚੇ ਲੋਕਾਂ ਨੂੰ ਇਹ ਫੈਸਲਾ ਬਦਲਣ ਤੋਂ ਇਨਕਾਰ ਕਰ ਦਿਤਾ। ਇਨ੍ਹਾਂ ਗੁਨਾਹਾਂ ਦੀ ਸਜ਼ਾ ਮੈਨੂੰ ਅਤੇ ਮੇਰੇ ਪਰਵਾਰ ਨੂੰ ਸੋਸ਼ਲ ਮੀਡੀਆ ’ਚ ਬਦਨਾਮ ਕਰ ਕੇ ਕੀਤੀ ਜਾ ਰਹੀ ਹੈ।’’