
ਬਹੁਜਨ ਚਿੰਤਕ ਤੇ ਖ਼ਾਲਸਾ ਏਡ ਨੂੰ ਐਨ.ਆਈ.ਏ ਵਲੋਂ ਨੋਟਿਸ ਭੇਜਣਾ ਗ਼ੈਰ ਜਮਹੂਰੀ ਕਾਰਵਾਈ: ਜਸਵੀਰ ਗੜ੍ਹੀ
ਚੰਡੀਗੜ੍ਹ, 18 ਜਨਵਰੀ (ਸੁਰਜੀਤ ਸਿੰਘ ਸੱਤੀ): ਪੰਜਾਬ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਬਹੁਜਨ ਨਾਲ ਜੁੜੇ ਚਿੰਤਕ, ਇਤਿਹਾਸਕਾਰ ਪ੍ਰੋਫ਼ੈਸਰ ਬਲਵਿੰਦਰਪਾਲ ਸਿੰਘ ਨੂੰ ਐਨਆਈਏ ਵਲੋਂ ਨੋਟਿਸ ਭੇਜਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਸਪਾ ਦੇ ਸਿਰਜਣਹਾਰ ਸਾਹਿਬ ਕਾਸ਼ੀ ਰਾਮ ਦੇ ਸਮੇਂ ਤੋਂ ਜੁੜੇ ਪ੍ਰੋ. ਬਲਵਿੰਦਰਪਾਲ ਨੂੰ ਇਸ ਮਸਲੇ ਵਿਚ ਜਾਣ ਬੁੁਝਕੇ ਘਸੀਟਿਆ ਗਿਆ ਹੈ | ਉਹ ਅਪਣੇ ਫ਼ੇਸਬੁੱਕ ਅਕਾਊਾਟ 'ਤੇ ਲਗਾਤਾਰ ਕਿਸਾਨ ਅੰਦੋਲਨ ਦਲਿਤ ਤੇ ਸਿੱਖ ਏਕਤਾ ਬਾਰੇ ਲਿਖਦੇ ਆ ਰਹੇ ਹਨ ਤੇ ਉਨ੍ਹਾਂ ਨੂੰ ਪੰਜਾਬ ਸਮੇਤ ਕਈ ਹੋਰ ਦੇਸ਼ਾਂ ਵਿਚ ਵੀ ਬਾਖੂਬੀ ਪੜਿ੍ਹਆ ਜਾਂਦਾ ਹੈ | ਗੜ੍ਹੀ ਨੇ ਕਿਹਾ ਕਿ ਪ੍ਰੋ. ਬਲਵਿੰਦਰਪਾਲ ਸਿੰਘ ਅਪਣੇ ਲੇਖ ਫ਼ੇਸਬੁੱਕ 'ਤੇ ਸਾਂਝੇ ਕਰਦੇ ਆ ਰਹੇ ਹਨ ਤੇ ਉਨ੍ਹਾਂ ਨੇ ਕਦੇ ਵੀ ਸੰਵਿਧਾਨਕ ਦਾਇਰੇ ਤੋਂ ਬਾਹਰ ਕਦੇ ਨਹੀਂ ਲਿਖਿਆ |
ਉਨ੍ਹਾਂ ਦਾਅਵਾ ਕੀਤਾ ਕਿ ਬਲਵਿੰਦਰਪਾਲ ਸਿੰਘ ਦਾ ਗ਼ੈਰ-ਕਾਨੂੰਨੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ ਨਾਲ ਕਿਸੇ ਵੀ ਤਰ੍ਹਾਂ ਦਾ ਕੋੋਈ ਵਾਸਤਾ ਨਹੀਂ ਹੈ | ਗੜ੍ਹੀ ਨੇ ਕਿਹਾ ਕਿ ਕਿਸਾਨ ਅੰਦੋਲਨ ਲਈ ਲੰਗਰ, ਵਸਤਰ, ਮੈਡੀਕਲ ਤੇ ਹੋਰ ਪ੍ਰਬੰਧ ਕਰ ਰਹੀ ਮਨੁੱਖੀ ਸੇਵਾ ਦੀ ਜਥੇਬੰਦੀ ਖ਼ਾਲਸਾ ਏਡ ਨੂੰ ਨੋਟਿਸ ਭੇਜਣਾ ਗ਼ੈਰ ਜਮਹੂਰੀ ਤੇ ਮਨੁੱਖਤਾ ਵਿਰੋਧੀ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਇਸ ਸੰਸਥਾ ਦਾ ਹਮੇਸ਼ਾ ਧਨਵਾਦੀ ਹੈ ਕਿ ਇਸ ਨੇ ਉੜੀਸਾ ਗੁਜਰਾਤ ਕੇਰਲਾ ਆਦਿ ਵਿਚ ਕੁਦਰਤੀ ਆਫ਼ਤਾਂ ਭੂਚਾਲ ਤੇ ਤੂਫ਼ਾਨ ਦੌਰਾਨ ਗ਼ਰੀਬਾਂ ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕੀਤੀ |
image