
ਕੈਨੇਡਾ ਵਿਚ ਪੜ੍ਹਦੇ ਮਨਦੀਪ ਸਿੰਘ ਦੀ ਲਾਸ਼ 18 ਦਿਨਾਂ ਬਾਅਦ ਪਿੰਡ ਪਹੁੰਚੀ
ਸੰਗਰੂਰ/ਅਮਰਗੜ੍ਹ, 18 ਜਨਵਰੀ (ਬਲਵਿੰਦਰ ਸਿੰਘ ਭੁੱਲਰ, ਅਮਨਦੀਪ ਸਿੰਘ ਮਾਹੋਰਾਣਾ, ਮਨਜੀਤ ਸੋਹੀ): ਬਨਭੌਰਾ ਦਾ 27 ਸਾਲਾ ਨੌਜਵਾਨ ਮਨਦੀਪ ਸਿੰਘ ਜੋ ਤਕਰੀਬਨ ਤਿੰਨ ਸਾਲ ਪਹਿਲਾਂ ਉਚੇਰੀ ਵਿਦਿਆ ਹਾਸਲ ਕਰਨ ਲਈ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਿਆ ਸੀ ਉੱਥੇ 31 ਦਸੰਬਰ 2020 ਦੀ ਰਾਤ ਨੂੰ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ ਉਤੇ ਹੀ ਦਮ ਤੋੜ ਗਿਆ। ਬੀਤੇ ਦਿਨ ਤਕਰੀਬਨ 18 ਦਿਨਾਂ ਬਾਅਦ ਉਸ ਦੀ ਲਾਸ਼ ਪਿੰਡ ਬਨਭੌਰਾ ਵਿਖੇ ਪਹੁੰਚੀ। ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਪਿੰਡ ਅਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਵਿਚ ਸਵਰਗੀ ਮਨਦੀਪ ਸਿੰਘ ਸੋਹੀ ਦੀਆਂ ਭੈਣਾਂ ਵਲੋਂ ਅਪਣੇ ਇਕਲੌਤੇ ਵੀਰ ਨੂੰ ਬਹੁਤ ਹੀ ਗਮਗੀਨ ਮਾਹੌਲ ਵਿਚ ਸਸਕਾਰ ਲਈ ਸਿਹਰੇ ਸਜਾ ਕੇ ਅੰਤਮ ਰਸਮਾਂ ਉਪਰੰਤ ਘਰੋ ਸ਼ਮਸ਼ਾਨਘਾਟ ਲਈ ਰਵਾਨਾ ਕੀਤਾ ਗਿਆ।
ਪਿੰਡ ਵਾਸੀਆ ਵਲੋਂ ਦਸਿਆ ਗਿਆ ਕਿ ਮਨਦੀਪ ਸਿੰਘ ਦੇ ਪਿਤਾ ਵੀ ਬਹੁਤ ਸਾਲ ਪਹਿਲਾਂ ਸਵਰਗ ਸਿਧਾਰ ਗਏ ਹਨ ਜਿਸ ਦੇ ਚਲਦਿਆਂ ਉਸ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਵਲੋਂ ਬਹੁਤ ਹੀ ਚਾਵਾਂ ਲਾਡਾਂ ਅਤੇ ਆਸਾਂ ਉਮੀਦਾਂ ਨਾਲ ਕੀਤਾ ਗਿਆ ਕਿ ਉਹ ਬੁਢਾਪੇ ਵਿਚ ਉਸ ਦੀ ਡੰਗੋਰੀ ਬਣੇਗਾ। ਟੋਰਾਂਟੋ ਤੋਂ ਅਪਣੀ ਉਚੇਰੀ ਵਿਦਿਆ ਹਾਸਲ ਕਰਨ ਤੋਂ ਬਾਅਦ ਉਹ ਤਕਰੀਬਨ 3400 ਕਿਲੋਮੀਟਰ ਦੂਰ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਸ਼ਹਿਰ ਲਈ ਅਪਣੀ ਸਾਥੀ ਨਾਲ ਕਾਰ ਰਾਹੀਂ ਰਵਾਨਾ ਹੋਇਆ ਸੀ। ਟੋਰਾਂਟੋ ਤੋਂ ਉਹ ਅਜੇ ਬਾਹਰ ਹੀ ਨਿਕਲੇ ਸਨ ਕਿ ਬਰਫ਼ ਨਾਲ ਢਕੀ ਸੜਕ ਉਤੇ ਸਾਹਮਣੇ ਆ ਰਹੇ ਟਰੱਕ ਦੇ ਸਲਿੱਪ ਹੋਣ ਨਾਲ ਕਾਰ ਦੀ ਟੱਕਰ ਹੋ ਗਈ, ਜਿਹੜੀ ਮਨਦੀਪ ਲਈ ਜਾਨਲੇਵਾ ਸਾਬਤ ਹੋਈ।
ਫੋਟੋ ਨੰ 18 ਐਸੳੈਨਜੀ 15