
ਘਰੇਲੂ ਹਿੰਸਾ ਤੇ ਔਰਤਾਂ ਨਾਲ ਸਬੰਧਤ ਹੋਰ ਜੁਰਮਾਂ ਦੇ ਕੇਸਾਂ ਦੀ ਸੁਣਵਾਈ ਲਈ ਬਣਾਈਆਂ ਜਾਣ ਫ਼ਾਸਟ ਟਰੈਕ ਅਦਾਲਤਾਂ : ਮਨੀਸ਼ਾ ਗੁਲਾਟੀ
ਖੰਨਾ, 18 ਜਨਵਰੀ (ਧਰਮਿੰਦਰ ਸਿੰਘ) : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੰਗਲਵਾਰ ਨੂੰ ਖੰਨਾ ਦੇ ਐਸਐਸਪੀ ਦਫ਼ਤਰ ਵਿਖੇ ਲੋਕ ਦਰਬਾਰ ਲਗਾਉਂਦੇ ਹੋਏ ਔਰਤਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਚੇਅਰਪਰਸਨ ਗੁਲਾਟੀ ਨੇ ਪੁਲਿਸ ਜ਼ਿਲ੍ਹਾ ਖੰਨਾ ਅੰਦਰ ਔਰਤਾਂ ਉਪਰ ਹੋਣ ਵਾਲੇ ਜ਼ੁਰਮ ਸਬੰਧੀ ਮਾਮਲਿਆਂ ਦੀ ਸੁਣਵਾਈ ਦਾ ਨਿਰੀਖਣ ਕੀਤਾ। ਜ਼ਰੂਰੀ ਮਾਮਲਿਆਂ ’ਚ ਪੁਲਿਸ ਅਧਿਕਾਰੀਆਂ ਨੂੰ ਤੁਰਤ ਕਾਰਵਾਈ ਦੀ ਹਦਾਇਤ ਵੀ ਕੀਤੀ ਗਈ।
ਖੰਨਾ ਦੇ ਐਸਐਸਪੀ ਦਫ਼ਤਰ ਪੁੱਜੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਖੰਨਾ ਸ਼ਹਿਰ ’ਚੋਂ ਉਨ੍ਹਾਂ ਕੋਲ ਬਹੁਤ ਘੱਟ ਕੇਸ ਹਨ ਜੋ ਕਿ ਪੁਲਿਸ ਦੀ ਚੰਗੀ ਕਾਰਜਸ਼ੈਲੀ ਦਾ ਸਬੂਤ ਹੈ। ਉਹ ਖੰਨਾ ਅੰਦਰ ਪੁਲਿਸ ਮਹਿਲਾ ਵਿੰਗ ਦੀ ਕਾਰਜਸ਼ੈਲੀ ਦਾ ਨਿਰੀਖਣ ਕਰਨ ਅਤੇ ਔਰਤਾਂ ਦੀਆਂ ਮੁਸ਼ਕਲਾਂ ਸੁਣਨ ਆਏ ਸੀ। ਇਥੋਂ ਦੇ ਐਸਐਸਪੀ ਜੇ. ਇਲਨਚੇਲੀਅਨ ਦੇ ਨਾਲ ਉਹ ਪਹਿਲਾਂ ਵੀ ਕੋਵਿਡ ਦੌਰਾਨ ਕੰਮ ਕਰ ਚੁੱਕੇ ਹਨ।
ਹੁਸ਼ਿਆਰਪੁਰ ਵਿਖੇ ਐਸਐਪੀ ਇਲਨਚੇਲੀਅਨ ਨੇ ਜਿਥੇ ਕੋਵਿਡ ਦੌਰਾਨ ਲੋੜਵੰਦ ਔਰਤਾਂ ਨੂੰ ਰਾਸ਼ਨ ਆਦਿ ਮਦਦ ਮੁਹਈਆ ਕਰਵਾਈ ਸੀ ਉਥੇ ਹੀ ਔਰਤਾਂ ਉਪਰ ਹੋਣ ਵਾਲੇ ਜ਼ੁਰਮ ਕੇਸਾਂ ਦਾ ਨਿਪਟਾਰਾ ਵੀ ਸਮੇਂ ਸਿਰ ਕੀਤਾ ਗਿਆ ਸੀ। ਖੰਨਾ ’ਚ ਵੀ ਐਸਐਸਪੀ ਦੀ ਕਾਰਜਸ਼ੈਲੀ ਵਧੀਆ ਹੈ। ਖੰਨਾ ਅੰਦਰ ਵੀ ਉਨ੍ਹਾਂ ਦੀ ਟੀਮ ਚੰਗਾ ਕੰਮ ਕਰ ਰਹੀ ਹੈ। ਇਥੇ 100 ਦੇ ਕਰੀਬ ਕੇਸ ਹਨ, ਜਿਨ੍ਹਾਂ ਉਪਰ ਬਣਦੀ ਕਾਰਵਾਈ ਚਲ ਰਹੀ ਹੈ। ਇਥੇ ਐਫ਼ਆਈਆਰ ਦੀ ਦਰ ਵੀ ਬਹੁਤ ਘੱਟ ਹੈ ਜੋ ਕਿ ਚੰਗਾ ਉਪਰਾਲਾ ਹੈ ਕਿ ਕੁੜੀਆਂ ਦੇ ਘਰ ਤੋੜੇ ਨਾ ਜਾਣ ਸਗੋਂ ਵਸਾਏ ਜਾਣ। ਐਸਐਸਪੀ ਖ਼ੁਦ ਐਫ਼ਆਈਆਰ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਦੋਵੇਂ ਧਿਰਾਂ ਨੂੰ ਬੁਲਾ ਕੇ ਸਮਝਾਉਣ ਦਾ ਯਤਨ ਕਰਦੇ ਹਨ। ਅਦਾਲਤਾਂ ਅੰਦਰ ਲੰਮੇ ਸਮੇਂ ਤੋਂ ਚਲਦੇ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਅਦਾਲਤ ’ਚ ਚਲਦੇ ਕੇਸਾਂ ’ਚ ਕਮਿਸ਼ਨ ਤੇ ਪੁਲਿਸ ਦਖ਼ਲਅੰਦਾਜ਼ੀ ਨਹੀਂ ਕਰ ਸਕਦੇ। ਫਿਰ ਵੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੋਈ ਹੈ ਕਿ ਘਰੇਲੂ ਹਿੰਸਾ, ਸੈਕਸ਼ਨ-9 ਤਹਿਤ ਘਰ ਵਸਾਉਣ ਅਤੇ ਔਰਤਾਂ ਉਪਰ ਜ਼ੁਲਮ ਸਬੰਧੀ ਹੋਰਨਾਂ ਕੇਸਾਂ ਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤਾਂ ਬਣਾ ਕੇ ਇਨ੍ਹਾਂ ਕੇਸਾਂ ਦਾ ਨਿਪਟਾਰਾ ਛੇਤੀ ਕਰਨਾ ਚਾਹੀਦਾ ਹੈ।
-ਫੋਟੋ ਕੈਪਸ਼ਨ – ਖੰਨਾ ਦੇ ਐਸਐਸਪੀ ਦਫ਼ਤਰ ਵਿਖੇ ਔਰਤਾਂ ਦੀਆਂ ਮੁਸ਼ਕਲਾਂ ਸੁਣਦੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ