
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੱਡਾ ਬਿਆਨ ਦਿੱਤਾ ਹੈ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਹਰੀਸ਼ ਚੌਧਰੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ 'ਚ ਬਿਨ੍ਹਾਂ ਮੁੱਖ ਮੰਤਰੀ ਚਿਹਰੇ ਦੇ ਉਤਰੇਗੀ। ਉਹਨਾਂ ਕਿਹਾ ਕਿ ਕਾਂਗਰਸ ਸਮੂਹਿਕ ਅਗਵਾਈ 'ਚ ਵਿਧਾਨ ਸਭਾ ਚੋਣਾਂ ਲੜੇਗੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਇੰਚਾਰਜ ਨੇ ਕਿਹਾ ਕਿ ਕਾਂਗਰਸ ਵਿਚ ਸਭ ਕੁੱਝ ਠੀਕ ਹੈ।
ਦੱਸ ਦਈਏ ਕਿ ਬੀਤੇ ਦਿਨ ਆਮ ਆਦਮੀ ਵਲੋਂ ਮੁੱਖ ਮੰਤਰੀ ਚਿਹਰੇ ਲਈ ਭਗਵੰਤ ਮਾਨ ਦੇ ਨਾਂਅ ਉੱਤੇ ਮੋਹਰ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ ਤੋਂ ਸੰਕੇਤ ਮਿਲੇ ਸਨ ਕਿ 2022 ਦੀਆਂ ਚੋਣਾਂ ਵਿਚ ਵੀ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ ਹੀ ਹੋਣਗੇ।
ਦਰਅਸਲ ਬੀਤੇ ਦਿਨੀਂ ਕਾਂਗਰਸ ਨੇ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਸਟਾਰ ਸੋਨੂੰ ਸੂਦ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ 'ਚ ਸੋਨੂੰ ਸੂਦ ਸੀਐੱਮ ਦੀਆਂ ਖੂਬੀਆਂ ਦੀ ਗੱਲ ਕਰਦੇ ਹਨ ਅਤੇ ਉਸ ਤੋਂ ਬਾਅਦ ਵੀਡੀਓ 'ਚ ਮੁੱਖ ਮੰਤਰੀ ਚੰਨੀ ਦੀ ਫੁਟੇਜ ਚਲਦੀ ਹੈ। ਇਸ ਵੀਡੀਓ 'ਚ ਸੀਐੱਮ ਚੰਨੀ ਦੀ ਅਗਵਾਈ 'ਚ ਚੋਣ ਲੜਨ ਦਾ ਸੰਕੇਤ ਮਿਲਿਆ ਸੀ।