
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿਚ ਵੱਡੀ ਕਾਰਵਾਈ ਕੀਤੀ ਹੈ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿਚ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਈਡੀ ਦੀ ਟੀਮ ਨੇ ਲੁਧਿਆਣਾ, ਪੰਚਕੂਲਾ, ਮੋਹਾਲੀ ਸਮੇਤ ਕਰੀਬ 12 ਥਾਵਾਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਛਾਪਾ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਵਲੋਂ ਇਹ ਛਾਪੇਮਾਰੀ ਨਾਜਾਇਜ਼ ਮਾਇਨਿੰਗ ਨਾਲ ਸਬੰਧਤ ਮਾਮਲੇ ਤਹਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਮਲੋਹ ਦੇ ਪਿੰਡ ਬੁੱਗਾ ਕਲਾਂ ਦੇ ਸਾਬਕਾ ਕਾਂਗਰਸੀ ਸਰਪੰਚ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ।
ED raids 12 places in Punjab and Haryana
ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਪੱਛਮੀ ਬੰਗਾਲ 'ਚ ਚੋਣਾਂ ਹੋਈਆਂ ਸਨ ਤਾਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ 'ਤੇ ਵੀ ਇਸੇ ਤਰ੍ਹਾਂ ਦੇ ਹਮਲੇ ਹੋਏ ਸਨ। ਹੁਣ ਈਡੀ ਪੰਜਾਬ ਵਿਚ ਵੀ ਅਜਿਹਾ ਹੀ ਕਰ ਰਹੀ ਹੈ। ਇਹ ਲੋਕਤੰਤਰ ਲਈ ਖ਼ਤਰਾ ਹੈ ਪਰ ਅਸੀਂ ਹਾਰਨ ਵਾਲੇ ਨਹੀਂ ਹਾਂ। ਜਦੋਂ ਚੋਣਾਂ ਆਈਆਂ ਹਨ ਤਾਂ ਉਹਨਾਂ ਨੂੰ ਈਡੀ ਦੀ ਛਾਪੇਮਾਰੀ ਯਾਦ ਆ ਗਈ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਨੂੰ ਮੀਡੀਆ ਰਾਹੀਂ ਖ਼ਬਰ ਮਿਲੀ ਹਨ ਕਿ ਉਹ ਮੈਨੂੰ, ਮੇਰੇ ਮੰਤਰੀਆਂ ਅਤੇ ਹਰ ਕਾਂਗਰਸੀ ਆਗੂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਹ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬੀ ਕਦੇ ਦੱਬਦੇ ਨਹੀਂ। ਸੀਐਮ ਚੰਨੀ ਨੇ ਦੱਸਿਆ ਕਿ 2018 ਵਿਚ ਦਰਜ ਕਿਸੇ ਐਫਆਈਆਰ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਵਿਚ ED ਦੀ ਛਾਪੇਮਾਰੀ ਸਬੰਧੀ ਸੁਨੀਲ ਜਾਖੜ ਦਾ ਟਵੀਟ
ਕਾਂਗਰਸ ਆਗੂ ਸੁਨੀਲ ਜਾਖੜ ਨੇ ਇਸ ਸਬੰਧੀ ਟਵੀਟ ਕਰਦਿਆਂ ਕਿਹਾ, “ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਦੀ ਛਾਪੇਮਾਰੀ ਦਾ ਅਸਲ ਮਕਸਦ ਮੁੱਖ ਮੰਤਰੀ ਨੂੰ ਡਰਾਉਣਾ ਅਤੇ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣਾ ਸੀ। ਬਹੁਤ ਹੀ ਨਿੰਦਣਯੋਗ ਗ਼ੈਰ -ਜਮਹੂਰੀ ਕਾਰਵਾਈ!''
CM ਚੰਨੀ ਦੀ ਲੋਕਪ੍ਰਿਅਤਾ ਕਾਰਨ BJP ਤੇ BJP ਦੀਆਂ B ਟੀਮਾਂ ਬੌਖਲਾ ਗਈਆਂ- ਅਲਕਾ ਲਾਂਬਾ
ਇਸ ਸਬੰਧੀ ਟਵੀਟ ਕਰਦਿਆਂ ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਵਿਚਾਲੇ ਭਾਜਪਾ ਸਰਕਾਰ ਦੇ ਚੋਣਾਵੀ ਹੱਥਕੰਡਿਆਂ ਤੋਂ ਕਾਂਗਰਸ ਡਰਨ ਅਤੇ ਪਿੱਛੇ ਹਟਣ ਵਾਲੀ ਨਹੀਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਦੇ ਕੰਮਾਂ ਨੂੰ ਲੈ ਕੇ ਉਹਨਾਂ ਦੀ ਵਧਦੀ ਲੋਕਪ੍ਰਿਅਤਾ ਤੋਂ ਅੱਜ ਭਾਜਪਾ ਅਤੇ ਭਾਜਪਾ ਦੀਆਂ ਬੀ ਟੀਮਾਂ ਬੌਖਲਾ ਗਈਆਂ ਹਨ। ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਜਨਤਾ ਇਸ ਦਾ ਜਵਾਬ ਦੇਵੇਗੀ।
ਸਿਆਸੀ ਬਦਲਾਖੋਰੀ ਦੀ ਰਾਜਨੀਤੀ ਨਾ ਕੀਤੀ ਜਾਵੇ- ਕੁਲਦੀਪ ਵੈਦ
ਇਸ ਸਬੰਧੀ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੈ। ਜਦੋਂ ਬੰਗਾਲ ਜਾਂ ਹੋਰ ਸੂਬਿਆਂ ਵਿਚ ਚੋਣਾਂ ਹੋਈਆਂ ਉਦੋਂ ਵੀ ਅਜਿਹਾ ਹੀ ਕੀਤਾ ਗਿਆ ਸੀ। ਉਹਨਾਂ ਨੇ ਭਾਜਪਾ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਅਜਿਹੀ ਬਦਲਾਖੋਰੀ ਦੀ ਰਾਜਨੀਤੀ ਨਾ ਕੀਤੀ ਜਾਵੇ। ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ।