
ਬਿਆਸ ਦਰਿਆ ਨੇੜਿਉਂ ਭਾਰੀ ਮਾਤਰਾ ’ਚ ਸ਼ਰਾਬ
ਗੁਰਦਾਸਪੁਰ, 18 ਜਨਵਰੀ (ਪ.ਪ.) : ਆਬਕਾਰੀ ਵਿਭਾਗ ਦੀ ਟੀਮ ਨੇ ਬਿਆਸ ਦਰਿਆ ਦੇ ਨਜ਼ਦੀਕ ਸਥਿਤ ਨਾਜਾਇਜ਼ ਸ਼ਰਾਬ ਦੀ ਤਸਕਰੀ ਪਿੰਡ ਮੋਚਪੁਰ ਵਿਖੇ ਡੇਰੇ ਲਾਏ ਹੋਏ ਹਨ, ਜਿਥੇ ਲਗਾਤਾਰ ਛਾਪੇਮਾਰੀ ਕਰ ਕੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੂੰ ਨੱਥ ਪਾਈ ਜਾ ਰਹੀ ਹੈ।
ਈਟੀਓ ਰਜਿੰਦਰ ਤੰਵਰ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਰਦਾਸਪੁਰ ਜ਼ਿਲ੍ਹੇ ਨੂੰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਤੋਂ ਮੁਕਤ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ’ਚ ਟੀਮਾਂ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਬਕਾਰੀ ਵਿਭਾਗ ਦੀ ਟੀਮ ਬਦਨਾਮ ਇਲਾਕੇ ’ਚ ਤਾਇਨਾਤ ਕਰ ਦਿਤੀ ਗਈ ਹੈ, ਜੋ ਕਿ ਦਿਨ-ਰਾਤ ਇਸ ਇਲਾਕੇ ’ਤੇ ਤਿੱਖੀ ਨਜ਼ਰ ਰੱਖੇਗੀ ਅਤੇ ਵਿਭਾਗ ਦੀ ਟੀਮ ਨੂੰ ਲੋੜ ਪਈ ਤਾਂ ਡਰੋਨ ਰਾਹੀਂ ਵੀ ਤਸਕਰਾਂ ਦਾ ਪਤਾ ਲਗਾਇਆ ਜਾਵੇਗਾ।
ਮੰਗਲਵਾਰ ਸਵੇਰੇ 5 ਵਜੇ ਈਟੀਓ ਰਜਿੰਦਰ ਤੰਵਰ, ਇੰਸਪੈਕਟਰ ਹਰਵਿੰਦਰ ਸਿੰਘ, ਇੰਸਪੈਕਟਰ ਅਜੇ ਸ਼ਰਮਾ ਅਤੇ ਹੋਰ ਪੁਲਿਸ ਅਧਿਕਾਰੀਆਂ ਵਲੋਂ ਇਸ ਇਲਾਕੇ ਵਿੱਚ ਛਾਪੇਮਾਰੀ ਕੀਤੀ ਗਈ, ਜਿਥੇ ਗੰਨੇ ਦੇ ਖੇਤਾਂ ਵਿਚ ਦੱਬੀ ਹੋਈ 35 ਲੀਟਰ ਨਾਜਾਇਜ਼ ਸ਼ਰਾਬ ਅਤੇ 500 ਕਿਲੋ ਲਾਹਣ ਬਰਾਮਦ ਕੀਤੀ ਗਈ।
ਦਸਣਯੋਗ ਹੈ ਕਿ ਆਬਕਾਰੀ ਵਿਭਾਗ ਦੀ ਟੀਮ ਨੇ ਇਸ ਪਿੰਡ ’ਚ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਅਪਣਾ ਪੂਰਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਜਦਕਿ ਸੋਮਵਾਰ ਨੂੰ ਆਬਕਾਰੀ ਵਿਭਾਗ ਦੀ ਟੀਮ ਨੇ ਗੁਰਦਾਸਪੁਰ ਸ਼ਹਿਰ ’ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕੱੁਝ ਇਲਾਕਿਆਂ ’ਚ ਛਾਪੇਮਾਰੀ ਕੀਤੀ ਪਰ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ, ਜਦਕਿ ਜਿਸ ਥਾਂ ’ਤੇ ਛਾਪੇਮਾਰੀ ਕੀਤੀ ਗਈ ਹੈ, ਉਥੇ ਕਾਫ਼ੀ ਸਮੇਂ ਤੋਂ ਨਾਜਾਇਜ਼ ਸ਼ਰਾਬ ਦਾ ਧੰਦਾ ਚਲ ਰਿਹਾ ਹੈ।
ਰਾਜਿੰਦਰ ਤੰਵਰ ਨੇ ਕਿਹਾ ਕਿ ਵਿਭਾਗ ਵਲੋਂ ਪੰਜ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਇਥੋਂ ਦੇ ਤਸਕਰ ਆਸ-ਪਾਸ ਦੇ ਪਿੰਡਾਂ ਵਿਚ ਸ਼ਰਾਬ ਦੀ ਤਸਕਰੀ ਨਾ ਕਰ ਸਕਣ, ਇਸ ਲਈ ਵਿਭਾਗ ਦੀ ਟੀਮ ਵਲੋਂ ਉਨ੍ਹਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।