
ਇਨੋਵਾ ਕਾਰ ਦੇ ਅਣਪਛਾਤੇ ਭਾਰੀ ਵਾਹਨ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਕਪੂਰਥਲਾ: ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸੁਭਾਨਪੁਰ ਥਾਣਾ ਅਧੀਨ ਪੈਂਦੇ ਹਮੀਰਾ ਫਲਾਈਓਵਰ 'ਤੇ ਬੀਤੀ ਦੇਰ ਰਾਤ ਇਕ ਇਨੋਵਾ ਕਾਰ ਨੇ ਇਕ ਅਣਪਛਾਤੇ ਭਾਰੀ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪੁਲਿਸ ਮੁਲਾਜ਼ਮ ਸਣੇ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2.30 ਵਜੇ ਸੂਚਨਾ ਮਿਲੀ ਸੀ ਕਿ ਉਕਤ ਸਥਾਨ 'ਤੇ ਹਾਦਸਾ ਵਾਪਰ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਹੀ ਕਾਰ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਮੁਲਾਜ਼ਮ ਹਰਦੇਵ ਸਿੰਘ, ਹਰਜੀਤ ਸਿੰਘ ਵਾਸੀ ਬਿਆਸ, ਲਵਲੀ ਪੁੱਤਰ ਗੁਰਬਖਸ਼ ਸਿੰਘ ਵਾਸੀ ਜੰਡਿਆਲਾ ਗੁਰੂ ਅਤੇ ਜਤਿੰਦਰ ਕੁਮਾਰ ਵਾਸੀ ਬਿਆਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਰਨ ਪੁੱਤਰ ਸਲੀਮ ਵਾਸੀ ਬਿਆਸ ਗੰਭੀਰ ਜ਼ਖ਼ਮੀ ਹੋ ਗਿਆ।
ਜਦਕਿ ਕਰਨ ਪੁੱਤਰ ਸਲੀਮ ਵਾਸੀ ਬਿਆਸ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਸੁਭਾਨਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਪੂਰਥਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉਡ ਗਏ। ਉਨ੍ਹਾਂ ਕਿਹਾ ਕਿ ਇਨੋਵਾ ਕਾਰ ਦੀ ਟੱਕਰ ਕਿਸੇ ਭਾਰੀ ਵਾਹਨ ਨਾਲ ਹੋਈ ਹੈ ਅਤੇ ਟੱਕਰ ਤੋਂ ਬਾਅਦ ਮੁਲਜ਼ਮ ਚਾਲਕ ਮੌਕੇ ਉੱਤੋਂ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਲਈ ਉਨ੍ਹਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਾਈਵੇਅ ਉੱਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।