
5 ਹਜ਼ਾਰ ਵਾਰ ਬੈਂਕ ਦਾ ਲੈਣ-ਦੇਣ ਵੀ ਹੋਇਆ
Cell Phone Jail: ਫਿਰੋਜ਼ਪੁਰ - ਸਥਾਨਕ ਜੇਲ੍ਹ 'ਚ 43 ਹਜ਼ਾਰ ਫੋਨ ਕਾਲਾਂ ਦੇ ਘੁਟਾਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਹੈ ਜਿਸ ਦੌਰਾਨ ਪਤਾ ਲੱਗਿਆ ਹੈ ਕਿ ਤਿੰਨ ਨਸ਼ਾ ਤਸਕਰਾਂ ਵੱਲੋਂ 4200 ਵੱਖ- ਵੱਖ ਨੰਬਰਾਂ ’ਤੇ ਫ਼ੋਨ ਕਾਲਾਂ ਕੀਤੀਆਂ ਗਈਆਂ ਹਨ ਅਤੇ 5 ਹਜ਼ਾਰ ਵਾਰ ਬੈਂਕ ਦੇ ਲੈਣ ਦੇਣ ਵੀ ਕੀਤਾ ਗਿਆ ਹੈ। ਪੁਲਿਸ ਵੱਲੋਂ ਡਰੱਗ ਮਨੀ ਦਾ ਪਤਾ ਲਗਾਉਣ ਲਈ ਹਰ ਇੱਕ ਕਾਲਰ ਅਤੇ ਪੈਸੇ ਲੈਣ ਵਾਲੇ ਦੀ ਪਛਾਣ ਜਲਦ ਤੋਂ ਜਲਦ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਟੀਮ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ, ‘‘ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਨ੍ਹਾਂ ਵਿਚੋਂ ਕਿੰਨੀਆਂ ਕਾਲਾਂ ਪਰਿਵਾਰ, ਦੋਸਤਾਂ ਜਾਂ ਨਸ਼ਾ ਤਸਕਰਾਂ ਨੂੰ ਕੀਤੀਆਂ ਗਈਆਂ ਹਨ।'' ਪੈਸਿਆਂ ਦਾ ਲੈਣ-ਦੇਣ ਜੇਲ੍ਹ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਜਾਂ ਨਸ਼ਿਆਂ ਲਈ ਭੁਗਤਾਨ ਕਰਨ ਲਈ ਵੀ ਕੀਤਾ ਹੋ ਸਕਦਾ ਹੈ।’’ ਇਹ ਮਾਮਲਾ ਪਿਛਲੇ ਸਾਲ ਨਵੰਬਰ ਵਿਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜੇਲ੍ਹ ਵਿਚ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਰਿਪੋਰਟ ਮੰਗੀ ਸੀ।
ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੁਲਿਸ ਨੇ ਜਾਂਚ ਆਰੰਭੀ ਕਿ ਜੇਲ੍ਹ ’ਚੋਂ 43 ਹਜ਼ਾਰ ਤੋਂ ਵੱਧ ਫ਼ੋਨ ਕਾਲਾਂ ਕਿਵੇਂ ਹੋਈਆਂ। ਇਸ ’ਚ ਸਾਹਮਣੇ ਆਇਆ ਹੈ ਕਿ ਤਿੰਨਾਂ ਤਸਕਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਜੇਲ੍ਹ ’ਚ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਗਈ। ਮਾਮਲੇ ਸਬੰਧੀ ਪੁਲਿਸ ਨੇ ਜੇਲ੍ਹ ਵਿਭਾਗ ਦੇ 11 ਅਧਿਕਾਰੀਆਂ ਸਮੇਤ 25 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜੇਲ੍ਹ ਦੇ ਨੌਂ ਅਧਿਕਾਰੀਆਂ ਤੋਂ ਇਲਾਵਾ ਮੋਬਾਈਲਾਂ ਦੀ ਦੁਕਾਨ ਦੇ ਮਾਲਕ ਅਤੇ ਚਾਹ ਸਟਾਲ ਮਾਲਕ ਸਮੇਤ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਇਸ ਪੂਰੇ ਮਾਮਲੇ ’ਚ 32 ਸਾਲਾ ਸੋਨੂੰ ਉਰਫ਼ ਟਿੱਡੀ ਅਤੇ ਉਸ ਦੇ ਸਾਥੀ ਰਾਜ ਕੁਮਾਰ ਉਰਫ਼ ਰਾਜੂ ਦੀ ਮੁੱਖ ਭੂਮਿਕਾ ਸਾਹਮਣੇ ਆਈ ਹੈ। ਦੋਵੇਂ ਜੇਲ੍ਹ ਅੰਦਰੋਂ ਹੀ ਗੈਰ-ਕਾਨੂੰਨੀ ਢੰਗ ਨਾਲ ਫ਼ੋਨਾਂ ਦੀ ਵਰਤੋਂ ਕਰ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਰੈਕੇਟ ਚਲਾਉਂਦੇ ਸਨ। ਡਰੱਗ ਮਨੀ ਟਿੱਡੀ ਦੀ ਪਤਨੀ ਗੀਤਾਂਜਲੀ ਅਤੇ ਰਾਜੂ ਦੀ ਪਤਨੀ ਨੀਰੂ ਬਾਲਾ ਦੇ ਖਾਤਿਆਂ ਵਿਚ ਟਰਾਂਸਫ਼ਰ ਕੀਤੀ ਗਈ।
ਉਨ੍ਹਾਂ ਨੇ ਫ਼ੋਨਾਂ ਨਾਲ ਲਿੰਕ ਕੀਤੇ ਖਾਤੇ ’ਤੇ ਲਗਭਗ 1.32 ਕਰੋੜ ਰੁਪਏ ਪ੍ਰਾਪਤ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੰਝ ਲੱਗਦਾ ਹੈ ਕਿ ਜੇਲ੍ਹ ਅੰਦਰੋਂ ਕਈ ਕੈਦੀ ਪਰਿਵਾਰ ਨਾਲ ਗੱਲ ਕਰਨ ਲਈ ਫ਼ੋਨ ਦੀ ਵਰਤੋਂ ਕਰਦੇ ਸਨ। ਮੁਲਜ਼ਮ ਰਾਜ ਕੁਮਾਰ ਉਰਫ਼ ਰਾਜੂ ਅਤੇ ਉਸ ਦੀ ਪਤਨੀ ਨੀਰੂ ਬਾਲਾ ਨੇ ਇਕ ਦੂਜੇ ਨੂੰ ਕਰੀਬ 4500 ਕਾਲਾਂ ਕੀਤੀਆਂ। ਤਸਕਰਾਂ ਵੱਲੋਂ ਕੀਤੀਆਂ ਕੁੱਲ 43,432 ਫ਼ੋਨ ਕਾਲਾਂ ਵਿੱਚੋਂ 38,850 ਕਾਲਾਂ ਰਾਜ ਕੁਮਾਰ ਦੇ ਫ਼ੋਨ ਤੋਂ ਪਹਿਲੀ ਮਾਰਚ ਤੋਂ 31 ਮਾਰਚ 2019 ਦਰਮਿਆਨ ਕੀਤੀਆਂ ਗਈਆਂ। ਬਾਕੀ 4,582 ਕਾਲਾਂ 9 ਅਕਤੂਬਰ 2021 ਤੋਂ 14 ਫਰਵਰੀ, 2023 ਦਰਮਿਆਨ ਕੀਤੀਆਂ ਗਈਆਂ।
ਇਸ ਦੇ ਨਾਲ ਹੀ ਦੱਸ ਦਈਏ ਕਿ ਸਾਲ 2023 ਦੌਰਾਨ ਕੇਂਦਰੀ ਜੇਲ ਲੁਧਿਆਣਾ ਮੋਬਾਇਲ ਬਰਾਮਦਗੀ ਦੇ ਮਾਮਲਿਆਂ ਨੂੰ ਲੈ ਕੇ ਚਰਚਾ ਵਿਚ ਰਹੀ ਹੈ। ਦਰਅਸਲ ਇਸ ਸਾਲ ਹਰੇਕ ਮਹੀਨੇ ਜੇਲ ਵਿਚੋਂ ਮੋਬਾਇਲ ਬਰਾਮਦਗੀ ਦੇ ਮਾਮਲੇ ਸਾਹਮਣੇ ਆਏ ਹਨ। ਜਨਵਰੀ ਤੋਂ ਦਸੰਬਰ 27 ਤਕ ਕੇਂਦਰੀ ਜੇਲ ਲੁਧਿਆਣਾ ਵਿਚ ਲਗਭਗ 1012 ਮੋਬਾਇਲ ਬਰਾਮਦ ਹੋਏ। ਇਹ ਸਾਰੇ ਮਾਮਲੇ ਪੁਲਿਸ ਕੋਲ ਵੀ ਭੇਜੇ ਗਏ ਹਨ।
ਦਰਅਸਲ ਸਥਾਨਕ ਪੁਲਿਸ ਸਹਾਇਕ ਸੁਪਰੀਡੈਂਟਾਂ ਵਲੋਂ ਭੇਜੇ ਗਏ ਪੱਤਰਾਂ ਦੇ ਆਧਾਰ ’ਤੇ ਕਾਰਵਾਈ ਕਰ ਕੇ ਕੈਦੀਆਂ ਦੇ ਖ਼ਿਲਾਫ਼ ਪ੍ਰਿਜ਼ਨ ਐਕਟ ਦਾ ਕੇਸ ਦਰਜ ਕਰ ਲੈਂਦੀ ਹੈ। ਜਨਵਰੀ ਵਿਚ 71, ਫਰਵਰੀ-84, ਮਾਰਚ-120, ਅਪ੍ਰੈਲ-94, ਮਈ-147, ਜੂਨ-99, ਜੁਲਾਈ-52, ਅਗਸਤ-66, ਸਤੰਬਰ-14, ਅਕਤੂਬਰ- 53, ਨਵੰਬਰ-126 ਅਤੇ ਦਸੰਬਰ ਵਿਚ 86 ਮੋਬਾਇਲ ਬਰਾਮਦ ਹੋਏ। ਇਨ੍ਹਾਂ ਸਾਰਿਆਂ ਦੀ ਕੁੱਲ ਗਿਣਤੀ 1012 ਹੈ।