
ਇਹ ਪਿੰਡ ਇੱਕ ਇਤਿਹਾਸਕ ਪਿੰਡ ਹੈ ਤੇ ਹਿੰਦੂ ਮਿਥਿਹਾਸ ਨਾਲ ਇਸ ਦਾ ਡੂੰਘਾ ਸਬੰਧ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਪਿੰਡ ਨੂੰ ਉਸ ਦੀ ਬਣਦੀ ਇਤਿਹਾਸਕ ਪਛਾਣ ਮਿਲੇ।
ਪਟਿਆਲਾ - ਅਯੁੱਧਿਆ ਵਿਚ 22 ਜਨਵਰੀ ਨੂੰ ਕਰਵਾਏ ਜਾ ਰਹੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਪੂਰੇ ਦੇਸ਼ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਘੜਾਮ ਦੇ ਵਸਨੀਕ ਫੁੱਲੇ ਨਹੀਂ ਸਮਾ ਰਹੇ। ਪਟਿਆਲਾ ਤੋਂ ਲਗਭਗ 18 ਕਿਲੋਮੀਟਰ ਦੂਰ ਸਥਿਤ ਇਸ ਪਿੰਡ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਭਗਵਾਨ ਰਾਮ ਨਾਲ ਉਨ੍ਹਾਂ ਦਾ ਨੇੜਲਾ ਰਿਸ਼ਤਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੂੰ ਇਸ ਸਮਾਗਮ ਸਬੰਧੀ ਅਧਿਕਾਰਤ ਤੌਰ ’ਤੇ ਕੋਈ ਸੱਦਾ ਨਹੀਂ ਮਿਲਿਆ ਪਰ ਉਨ੍ਹਾਂ ਨੂੰ ਆਸ ਹੈ ਕਿ ਅਯੁੱਧਿਆ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਦਾ ਜ਼ਿਕਰ ਜ਼ਰੂਰ ਹੋਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਗਵਾਨ ਰਾਮ ਦੇ ਸਬੰਧ ਵਿੱਚ ਇਸ ਪਿੰਡ ਦਾ ਜ਼ਿਕਰ ਪੁਰਾਤਨ ਕਿਤਾਬਾਂ ਵਿਚ ਵੀ ਮਿਲਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1966 ਵਿਚ ਛਾਪੀ ਗਈ ਪੁਸਤਕ ‘ਪਟਿਆਲਾ ਐਂਡ ਇਟਸ ਹਿਸਟੌਰੀਕਲ ਸਰਾਉਂਡਿੰਗਜ਼’ ਵਿਚ ਲਿਖਿਆ ਮਿਲਦਾ ਹੈ ਕਿ ਪਟਿਆਲਾ ‘ਸ੍ਰੀ ਰਾਮ ਚੰਦਰ ਜੀ ਨਾਲ ਆਪਣੀ ਨੇੜਤਾ ਦਾ ਦਾਅਵਾ ਕਰ ਸਕਦਾ ਹੈ।’
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਪੁਸਤਕਾਂ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਰਾਜਾ ਦਸ਼ਰਥ ਦੀ ਬਾਰਾਤ ਪਿੰਡ ਘੜਾਮ ਆਈ ਸੀ ਤੇ ਇਥੇ ਦਸ਼ਰਥ ਨੇ ਕੌਸ਼ੱਲਿਆ ਨਾਲ ਵਿਆਹ ਕਰਵਾਇਆ ਸੀ, ਜਿਸ ਮਗਰੋਂ ਰਾਮ ਦਾ ਜਨਮ ਆਪਣੇ ਨਾਨਕੇ ਪਿੰਡ ਘੜਾਮ ਵਿਚ ਹੀ ਹੋਇਆ ਸੀ। ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਗੁਰਮੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ‘ਇਸ ਪਿੰਡ ਵਿਚ ਹਾਲੇ ਵੀ ਉਸ ਯੁੱਗ ਨਾਲ ਸਬੰਧਤ ਕਿਲ੍ਹਾ ਤੇ ਕੁਝ ਖ਼ਾਸ ਚੀਜ਼ਾਂ ਮਿਲਦੀਆਂ ਹਨ। ਇਹ ਪਿੰਡ ਇੱਕ ਇਤਿਹਾਸਕ ਪਿੰਡ ਹੈ ਤੇ ਹਿੰਦੂ ਮਿਥਿਹਾਸ ਨਾਲ ਇਸ ਦਾ ਡੂੰਘਾ ਸਬੰਧ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਪਿੰਡ ਨੂੰ ਉਸ ਦੀ ਬਣਦੀ ਇਤਿਹਾਸਕ ਪਛਾਣ ਮਿਲੇ।
ਸਾਨੂੰ ਖੁਸ਼ੀ ਹੈ ਕਿ ਆਖ਼ਰਕਾਰ ਅਯੁੱਧਿਆ ਦੇ ਰਾਮ ਮੰਦਿਰ ਵਿਚ ਸ੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਹੋ ਰਹੀ ਹੈ ਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ ਜੇਕਰ ਇਸ ਦੌਰਾਨ ਸਾਡੇ ਪਿੰਡ ਦੇ ਇਤਿਹਾਸ ਦਾ ਵੀ ਜ਼ਿਕਰ ਕੀਤਾ ਜਾਵੇ। ਸਿਰਫ਼ ਮੈਂ ਹੀ ਨਹੀਂ, ਸਾਡੇ ਪਿੰਡ ਦੀਆਂ ਕਈ ਪੀੜ੍ਹੀਆਂ ਭਗਵਾਨ ਰਾਮ ਨਾਲ ਪਿੰਡ ਦੇ ਰਿਸ਼ਤੇ ਦੀਆਂ ਕਹਾਣੀਆਂ ਸੁਣਦੀਆਂ ਵੱਡੀਆਂ ਹੋਈਆਂ ਹਨ।’ ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਭਗਵਾਨ ਰਾਮ ਦਾ ਜਨਮ ਅਯੁੱਧਿਆ ਵਿੱਚ ਨਹੀਂ ਸਗੋਂ ਆਪਣੇ ਨਾਨਕੇ ਪਿੰਡ ਘੜਾਮ ਵਿਚ ਨਾਨਾ ਖੋਹ ਰਾਮ ਦੇ ਮਹਿਲ ਵਿੱਚ ਹੋਇਆ ਸੀ।
ਹਾਲਾਂਕਿ ਇਤਿਹਾਸਕਾਰ ਰਾਮ ਚੰਦਰ ਨਾਲ ਇਸ ਪਿੰਡ ਦਾ ਸਬੰਧ ਸਾਬਤ ਨਹੀਂ ਕਰ ਸਕੇ ਹਨ। ਪਿੰਡ ਵਿਚ ਇਸ ਵੇਲੇ ਖਸਤਾ ਹਾਲ ਵਿਚ ਇੱਕ ਪੁਰਾਣਾ ਕਿਲ੍ਹਾ ਤੇ ਕਈ ਅਵਸ਼ੇਸ਼ ਸਾਂਝੇ ਪਏ ਮਿਲਦੇ ਹਨ। ਇਤਿਹਾਸਕਾਰਾਂ ਦਾ ਮੱਤ ਵੱਖਰਾ ਹੋਣ ਦੇ ਬਾਵਜੂਦ ਪਿੰਡ ਵਾਸੀਆਂ ਨੂੰ ਆਸ ਹੈ ਕਿ 22 ਜਨਵਰੀ ਵਾਲੇ ਸਮਾਗਮ ਦੌਰਾਨ ਉਨ੍ਹਾਂ ਦੇ ਪਿੰਡ ਨੂੰ ਬਣਦਾ ਮਾਣ ਜ਼ਰੂਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਨੇ ਵੀ ਪਿੰਡ ਦਾ ਦੌਰਾ ਕਰਕੇ ਪਿੰਡ ਦੀਆਂ ਸੜਕਾਂ ਦਾ ਨਾਂ ਭਗਵਾਨ ਰਾਮ ਦੇ ਨਾਂ ’ਤੇ ਰੱਖਣ ਦਾ ਭਰੋਸਾ ਦਿਵਾਇਆ ਸੀ।