
Lehragaga News: ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਦੋਸ਼ੀਆਂ ਵਿਰੁਧ ਕਤਲ ਦਾ ਮੁਕੱਦਮਾ ਕੀਤਾ ਗਿਆ ਦਰਜ
ਲਹਿਰਾਗਾਗਾ (ਗੁਰਮੇਲ ਸਿੰਘ) : ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇੱਕ ਦਿਲ ਕੰਬਾਊ ਘਟਨਾ ਵਾਪਰੀ ਹੈ। ਇਸ ਨਾਲ ਪੂਰੇ ਹਲਕੇ ’ਚ ਸਹਿਮ ਦਾ ਮਾਹੌਲ ਹੈ ਕਿਉਂਕਿ ਇੱਕ ਨੌਜਵਾਨ ਲੜਕੀ ਨੂੰ ਉਸਦੇ ਚਾਚੇ, ਤਾਇਆਂ ਨੇ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿਤਾ ਹੈ।
ਇਸ ਸਬੰਧੀ ਥਾਣਾ ਲਹਿਰਾ ਵਿਖੇ ਦਰਜ ਹੋਏ ਪਰਚੇ ਤੇ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮੌਸਮਾਂ ਪਤਨੀ ਬੱਲੀ ਸਿੰਘ ਵਾਸੀ ਰਾਮਪੁਰਾ ਜਵਾਹਰਵਾਲਾ ਥਾਣਾ ਲਹਿਰਾ ਨੇ ਬਿਆਨ ਲਿਖਾਏ ਕਿ ਸਰਵਣ ਸਿੰਘ ਪੁੱਤਰ ਸੁੱਚਾ ਸਿੰਘ, ਰਾਮਫਲ ਸਿੰਘ ਪੁੱਤਰ ਸਰਵਨ ਸਿੰਘ, ਕਸ਼ਮੀਰ ਸਿੰਘ ਪੁੱਤਰ ਸਰਵਨ ਸਿੰਘ, ਮੁਰਲੀ ਪਤਨੀ ਸਰਵਣ ਸਿੰਘ ਵਾਸੀਆਨ ਰਾਮਪੁਰਾ ਜਵਾਹਰ ਵਾਲਾ ਥਾਣਾ ਲਹਿਰਾ ਵਿਰੁਧ ਕਤਲ ਦਾ ਮੁਕੱਦਮਾ ਦਰਜ ਕਰਾਇਆ।
ਪੀੜਤ ਮੌਸਮਾਂ ਨੇ ਦੱਸਿਆ ਕਿ 16 ਜਨਵਰੀ ਨੂੰ ਮੈਂ ਆਪਣੇ ਲੜਕੇ ਸੁਨੀਲ ਕੁਮਾਰ ਤੇ ਲੜਕੀ ਕੁੰਤੀ ਦੇਵੀ ਸਮੇਤ ਆਪਣੇ ਘਰ ਮੌਜੂਦ ਸੀ। ਸਵੇਰੇ 11 ਵਜੇ ਦੇ ਕਰੀਬ ਸਰਵਣ ਸਿੰਘ, ਰਾਮਫਲ ਸਿੰਘ, ਕਸ਼ਮੀਰ ਸਿੰਘ, ਮੁਰਲੀ ਉਪਰੋਕਤ ਜਿਨ੍ਹਾਂ ਦੇ ਹੱਥਾਂ ’ਚ ਇੱਟਾਂ ਫੜੀਆਂ ਹੋਈਆਂ ਸਨ, ਕੰਧ ਟੱਪ ਕੇ ਸਾਡੇ ਘਰ ਅੰਦਰ ਦਾਖਲ ਹੋ ਗਏ ਅਤੇ ਸਾਨੂੰ ਗਾਲਾਂ ਕੱਢਣ ਲੱਗ ਪਏ ਅਤੇ ਕਹਿੰਦੇ ਕਿ ਅੱਜ ਤੈਨੂੰ ਘਰ ਤੋਂ ਕੱਢਕੇ ਕੇ ਹੀ ਹਟਾਂਗੇ।
ਇਨ੍ਹਾਂ ਕਹਿੰਦੇ ਸਾਰ ਹੀ ਮੇਰੇ ਦਿਓਰ ਕਸ਼ਮੀਰ ਸਿੰਘ ਨੇ ਮੇਰੀ ਲੜਕੀ ਕੁੰਤੀ ਦੇਵੀ 21 ਨੂੰ ਥੱਲ੍ਹੇ ਸੁੱਟ ਲਿਆ ਤੇ ਉਸ ਦੇ ਉੱਪਰ ਬੈਠ ਗਿਆ। ਉਸ ਤੋਂ ਬਾਅਦ ਕਸ਼ਮੀਰ ਸਿੰਘ ਤੇ ਸਰਵਣ ਸਿੰਘ ਉਪਰੋਕਤ ਨੇ ਕੁੰਤੀ ਦੇਵੀ ਦੀ ਛਾਤੀ ਉੱਤੇ ਇੱਟਾਂ ਮਾਰੀਆਂ। ਮੁਰਲੀ ਨੇ ਲੜਕੀ ਦੀਆਂ ਲੱਤਾਂ ਫੜ ਲਈਆਂ ਅਤੇ ਰਾਮਫਲ ਸਿੰਘ ਨੇ ਹੱਥ ਫੜ੍ਹ ਲਏ। ਮੈਂ ਜਦੋਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਮੇਰੀ ਵੀ ਬਹੁਤ ਕੁੱਟਮਾਰ ਕੀਤੀ। ਫਿਰ ਲੋਕਾਂ ਦਾ ਭਾਰੀ ਇਕੱਠ ਹੁੰਦਾ ਦੇਖ ਕੇ ਦੋਸ਼ੀ ਮੌਕੇ ਤੋਂ ਭੱਜ ਗਏ। ਮੈਂ ਮੇਰੀ ਲੜਕੀ ਨੂੰ ਗੰਭੀਰ ਹਾਲਤ ਦੇ ’ਚ ਸਵਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕੁੰਤੀ ਦੇਵੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਨੇ ਮ੍ਰਿਤਕ ਨੌਜਵਾਨ ਲੜਕੀ ਕੁੰਤੀ ਦੇਵੀ ਦੀ ਮਾਤਾ ਮੌਸਮਾਂ ਦਾ ਬਿਆਨ ਹਾਸਲ ਕਰਦਿਆਂ ਉਪਰੋਕਤ ਦੋਸ਼ੀਆਂ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਮ੍ਰਿਤਕ ਲੜਕੀ ਕੁੰਤੀ ਦੇਵੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਿੱਥੇ ਉਸ ਦਾ ਸੰਸਕਾਰ ਕਰ ਦਿੱਤਾ।