
ਸਾਬਕਾ ਫ਼ੌਜੀਆਂ ਦਾ ਖ਼ੂਨ ਖੋਲਿਆ, ਸ਼ਹਿਰ 'ਚ ਰੋਸ ਮਾਰਚ ਕੱਢਣ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕ ਕੇ........
ਕੋਟਕਪੂਰਾ : ਸਾਬਕਾ ਫ਼ੌਜੀਆਂ ਦਾ ਖ਼ੂਨ ਖੋਲਿਆ, ਸ਼ਹਿਰ 'ਚ ਰੋਸ ਮਾਰਚ ਕੱਢਣ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕ ਕੇ ਜਿੱਥੇ ਉਨ੍ਹਾਂ ਪਾਕਿਸਤਾਨ ਮੁਰਦਾਬਾਦ ਦੇ ਨਾਹਰੇ ਲਾਏ, ਉਥੇ ਸਾਬਕਾ ਫ਼ੌਜੀਆਂ ਨੇ ਸ਼ਹਾਦਤਾਂ ਦਾ ਜਾਮ ਪੀਣ ਲਈ ਖ਼ੁਦ ਨੂੰ ਪਾਕਿਸਤਾਨ ਦੀ ਸਰਹੱਦ 'ਤੇ ਭੇਜਣ ਲਈ ਕੇਂਦਰ ਸਰਕਾਰ ਨੂੰ ਪੇਸ਼ਕਸ਼ ਕਰ ਦਿਤੀ। ਸਾਬਕਾ ਸੈਨਿਕ ਭਲਾਈ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਭੱਟੀ ਦੀ ਅਗਵਾਈ ਹੇਠ ਰੋਸ ਵਜੋਂ ਸਥਾਨਕ ਬੱਤੀਆਂ ਵਾਲਾ ਚੌਕ ਵਿਖੇ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕਣ ਤੋਂ ਪਹਿਲਾਂ ਰੋਸ ਰੈਲੀ ਕੀਤੀ ਗਈ ਉਪਰੰਤ ਬੱਸ ਅੱਡੇ ਤੋਂ ਲੈ ਕੇ ਪੁਰਾਣਾ ਸ਼ਹਿਰ, ਗੁਰਦੁਆਰਾ ਬਾਜ਼ਾਰ,
ਪੁਰਾਣੀ ਦਾਣਾ ਮੰਡੀ, ਢੋਡਾ ਚੌਂਕ, ਰੇਲਵੇ ਰੋਡ, ਮਹਿਤਾ ਚੌਕ ਆਦਿਕ ਰਸਤਿਆਂ 'ਚ ਵੀ ਪਾਕਿਸਤਾਨ ਵਿਰੁਧ ਨਾਹਰੇਬਾਜ਼ੀ ਕਰਦਿਆਂ ਖ਼ੂਬ ਭੜਾਸ ਕੱਢੀ ਗਈ। ਇਸ ਮੌਕੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਭੱਟੀ, ਪ੍ਰੇਮਜੀਤ ਸਿੰਘ ਬਰਾੜ, ਕੈਪਟਨ ਬਸੰਤ ਸਿੰਘ ਹਰੀਨੋਂ, ਕੈਪਟਨ ਨਗਿੰਦਰ ਸਿੰਘ ਢਾਬ, ਕੈਪਟਨ ਗੁਰਜੰਟ ਸਿੰਘ, ਕੈਪਟਨ ਗਿੰਦਰ ਸਿੰਘ, ਆਦਿਕ ਬੁਲਾਰਿਆਂ ਨੇ ਕਿਹਾ ਕਿ ਅੱਤਵਾਦੀਆਂ ਦੀ ਇਹ ਬਹੁਤ ਹੀ ਕਾਇਰਾਨਾ ਕਾਰਵਾਈ ਹੈ ਜਿਸ ਨੂੰ ਭਾਰਤ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਆਲ ਇੰਡੀਆ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਓਮਕਾਰ ਗੋਇਲ
ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਲੋਕ ਡੱਟ ਕੇ ਮੁਕਾਬਲਾ ਕਰਨਗੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਓਮ ਪ੍ਰਕਾਸ਼ ਪਾਸ਼ੀ, ਹੈਂਡੀਕੈਪਟ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ, ਪਵਨ ਕੁਮਾਰ, ਪ੍ਰਭਦਿਆਲ, ਬਲਜਿੰਦਰ ਸਿੰਘ, ਭਗਵਾਨ ਸਿੰਘ, ਰਣਜੀਤ ਸਿੰਘ ਜੈਤੋ, ਅਜਾਇਬ ਸਿੰਘ, ਬਖਸ਼ੀਸ਼ ਸਿੰਘ, ਲਾਹੋਰੀ ਨਾਥ, ਮੇਜਰ ਸਿੰਘ, ਖੁਸ਼ਵਿੰਦਰ ਸਿੰਘ, ਬਿਕਰ ਸਿੰਘ, ਦਰਬਾਰਾ ਸਿੰਘ, ਕਾਕਾ ਸਿੰਘ, ਠਾਣਾ ਸਿੰਘ, ਜਗਜੀਤ ਸਿੰਘ ਸਮੇਤ ਹੋਰ ਵੀ ਭਰਾਤਰੀ ਜੱਥੇਬੰਦੀਆਂ ਦੇ ਆਗੂ ਅਤੇ ਸਾਬਕਾ ਸੈਨਿਕ ਵੱਡੀ ਗਿਣਤੀ ਵਿਚ ਹਾਜ਼ਰ ਸਨ।